ਗੁਰੂ ਨਾਨਕ ਸਾਹਿਬ ਨੇ ਆਸਾ ਕੀ ਵਾਰ ਵਿੱਚ ਜਿਕਰ ਕੀਤਾ ਹੈ, ਕਿ ਕਿਸੇ ਵੀ ਰਵਾਇਤ ਨੂੰ ਕਰਨ ਤੋਂ ਪਹਿਲਾਂ ਬ੍ਰਾਹਮਣ ਨਹਾ ਧੋ ਕੇ, ਤੇ ਸੁੱਚਾ ਹੋ ਕੇ, ਸੁੱਚੇ ਚੌਕੇ ਉੱਤੇ ਆ ਬੈਠਦਾ ਹੈ, ਉਸ ਦੇ ਅੱਗੇ ਜਜਮਾਨ, ਉਹ ਭੋਜਨ ਲਿਆ ਰੱਖਦਾ ਹੈ, ਜਿਸ ਨੂੰ ਅਜੇ ਕਿਸੇ ਹੋਰ ਨੇ ਭਿੱਟਿਆ ਨਹੀਂ, ਭਾਵ ਕਿਸੇ ਨੇ ਹੱਥ ਨਹੀਂ ਲਗਾਇਆ ਹੈ, ਜਾਂ ਖਾਧਾ ਨਹੀਂ ਹੈ। ਬ੍ਰਾਹਮਣ ਸੁੱਚਾ ਹੋ ਕੇ, ਉਸ ਸੁੱਚੇ ਭੋਜਨ ਨੂੰ ਖਾਂਦਾ ਹੈ, ਤੇ ਖਾਣ ਤੋਂ ਬਾਅਦ ਸਲੋਕ ਪੜ੍ਹਨ ਲੱਗ ਪੈਂਦਾ ਹੈ। ਪਰ ਕੀ ਅਸੀਂ ਵੀਚਾਰਿਆ ਹੈ, ਕਿ ਅਸੀਂ ਇਸ ਪਵਿੱਤਰ ਭੋਜਨ ਨੂੰ ਆਪਣੇ ਢਿੱਡ ਵਿਚ, ਭਾਵ ਗੰਦੇ ਥਾਂ ਤੇ ਪਾ ਲੈਂਦੇ ਹਾਂ। ਇਹ ਸਭ ਨੂੰ ਪਤਾ ਹੀ ਹੈ, ਕਿ ਢਿੱਡ ਦੇ ਅੰਦਰਲੇ ਭਾਗ ਨੂੰ ਸਾਫ ਕਰਨ ਦਾ ਕੋਈ ਤਰੀਕਾ ਨਹੀਂ ਹੈ, ਉਸੇ ਪੇਟ ਵਿਚੋਂ ਬਾਅਦ ਵਿੱਚ ਗੰਦਗੀ ਨਿਕਲਦੀ ਹੈ, ਫਿਰ ਉਸ ਪਵਿੱਤਰ ਭੋਜਨ ਨੂੰ ਗੰਦੇ ਥਾਂ ਸੁੱਟਣ ਦਾ ਦੋਸ਼ ਕਿਸ ਤੇ ਆਇਆ? ਬ੍ਰਾਹਮਣਾਂ ਅਨੁਸਾਰ ਅੰਨ, ਪਾਣੀ, ਅੱਗ ਤੇ ਲੂਣ, ਇਹ ਚਾਰੇ ਹੀ ਦੇਵਤੇ ਹਨ, ਭਾਵ, ਪਵਿੱਤਰ ਪਦਾਰਥ ਹਨ, ਪੰਜਵਾਂ ਘਿਉ ਜੋ ਖਾਂਣਾਂ ਤਿਆਰ ਲਈ ਇਨ੍ਹਾਂ ਚੌਹਾਂ ਵਿੱਚ ਪਾਇਆ ਜਾਂਦਾ ਹੈ, ਉਹ ਵੀ ਪਵਿੱਤਰ ਹੈ। ਇਨ੍ਹਾਂ ਪੰਜਾਂ ਨੂੰ ਰਲਾ ਕੇ ਬੜਾ ਪਵਿੱਤਰ ਭੋਜਨ ਤਿਆਰ ਹੁੰਦਾ ਹੈ। ਪਰ ਦੇਵਤਿਆਂ ਦੇ ਇਸ ਸਰੀਰ ਭਾਵ, ਇਸ ਪਵਿੱਤਰ ਭੋਜਨ ਦੀ ਪਾਪੀ ਮਨੁੱਖ ਨਾਲ ਸੰਗਤ ਹੁੰਦੀ ਹੈ, ਜਿਸ ਕਰਕੇ ਗੰਦਗੀ ਨਿਕਲਦੀ ਹੈ ਤੇ ਉਸ ਗੰਦਗੀ ਉੱਤੇ ਥੁੱਕਾਂ ਪੈਂਦੀਆਂ ਹਨ। ਇ...