ਮੱਕੇ ਬਾਰੇ ਇਕ ਹਾਜੀ ਦੇ ਵਿਚਾਰ

Special thanks to Dr sohn singh thekedar who sent me this article ....
ਇਹ ਗਲਬਾਤ ਸੰਨ ੧੯੧੭-੧੮ ਵਿਚ ਜਦ ਇਹ ਲੇਖਕ ਲਾਰੰਸ ਸਕੂਲ ਕੋਹਮਰੀ ਵਿਚ ਬਤੌਰ ਓਵਰਸੀਅਰ ਲੱਗਾ ਹੋਇਆ ਸੀ (ਦਾਸ) ਨਾਲ ਸਕੂਲ ਦਾ ਪ੍ਰਿੰਸੀਪਲ ਇਕ ਅੰਗਰੇਜ਼ ਸੀ ਜਿਸਦੇ ਪਾਸ ਇਕ ਸਫੈਦ ਰੀਸ਼ (ਚਿੱਟੀ ਦਾਹੜੀ ਵਾਲਾ) ਮੁਸਲਮਾਨ ਬੈਹਰਾ ਸੀ ਜਿਸ ਨੂੰ ਹਾਜੀ ਜੀ ਕਹਿ ਕੇ ਬੁਲਾਇਆ ਜਾਂਦਾ ਸੀ। ਹਾਜੀ ਜੀ ਨੂੰ ਜਦ ਕਦੀ ਵੇਹਲ ਲਗੇ ਮੇਰੇ ਪਾਸ ਆ ਜਾਇਆ ਕਰਨ। ਖਾਸ ਕਰਕੇ ਸ਼ਾਮ ਵੇਲੇ। ਓਹ ਬੜੇ ਰੱਬ ਦੇ ਪਿਆਰੇ ਸਨ ਤੇ ਸਿੱਖਾਂ ਨਾਲ ਖਾਸ ਉਨਸ ਰੱਖਦਾ ਸੀ। ਇਕ ਦਿਨ ਸ਼ਾਮ ਨੂੰ ਦਾਸ ਸ੍ਰੀ ਰਹਿਰਾਸ ਜੀ ਦਾ ਪਾਠ ਕਰ ਰਿਹਾ ਸੀ, ਹਾਜੀ ਜੀ ਮੇਰੇ ਪਾਸ ਆ ਕੇ ਬੈਠ ਗਏ ਤੇ ਬੜੀ ਸ਼ਰਧਾ ਨਾਲ ਪਾਠ ਸੁਣਦੇ ਰਹੇ, ਸਮਾਪਤੀ ਤੇ ਜਦ ਦਾਸ ਨੇ ਖੜੇ ਹੋ ਕੇ ਅਰਦਾਸ ਕੀਤੀ ਤਾਂ ਹਾਜੀ ਜੀ ਵੀ
ਹੱਥ ਜੋੜ ਕੇ ਖੜੇ ਰਹੇ ਤੇ ਸਮਾਪਤੀ ਤੇ ਮੱਥਾ ਟੇਕ ਕੇ ਅਦਬ ਨਾਲ ਬੈਠ ਗਏ। ਉਤੋਂ ਉਤੋਂ ਭਾਵੇਂ ਅਰਦਾਸ ਕੀਤੀ ਜਾ ਰਹੀ ਸੀ ਪਰ ਅੰਦਰੋਂ ਮੇਰੀ ਬਿਰਤੀ ਹਾਜੀ ਜੀ ਵਲ ਸੀ। ਮਨ ਵਿਚ ਉਤਾਰ ਚੜ੍ਹਾ ਉਤਪੰਨ ਹੋ ਰਹੇ ਸਨ। ਜਦ ਅਰਦਾਸ ਸੋਧ ਕੇ ਬੈਠ ਗਏ ਤਾਂ ਮੈਥੋਂ ਨਾ ਰਿਹਾ ਗਿਆ, ਹਾਜੀ ਜੀ ਤੋਂ ਪੁਛ ਬੈਠਾ ਕਿ ‘ਆਪ ਜੀ ਦਾ ਵੀ ਗੁਰੂ ਨਾਨਕ ਜੀ ਮਹਾਰਾਜ ਤੇ ਯਕੀਨ ਤੇ ਉਨ੍ਹਾਂ ਦੀ ਬਾਣੀ ਨਾਲ ਪਿਆਰ ਹੈ?’ ਕਹਿਣ ਲੱਗੇ, ‘ਬਾਬੂ ਜੀ, ਤੁਸਾਡੇ ਸਵਾਲ ਦਾ ਜਵਾਬ ਮਗਰੋਂ ਦਿਤਾ ਜਾਵੇਗਾ, ਪਹਿਲਾ ਮੇਰੇ ਸਵਾਲ ਦਾ ਜਵਾਬ ਦੇਵੋ ਕਿ, ‘ਹਜ਼ਰਤ ਬਾਬਾ ਨਾਨਕ ਸਾਹਿਬ, ਰੈਹਮ-ਤੁਲਾ-ਅਲ-ਉਸਲਾਮ* ਹਿੰਦੂ ਸਨ, ਮੁਸਲਮਾਨ ਸਨ ਜਾਂ ਸਿੱਖ ?’

ਪਹਿਲਾਂ ਤਾਂ ਮੈਨੂੰ ਕੁਝ ਹਿਚਕਚਾਹਟ ਜਿਹੀ ਹੋਈ ਪਰ ਤੁਰੰਤ ਹੀ ਇਹ ਫੁਰਨਾ ਫੁਰਿਆ ਤੇ ਅਰਜ਼ ਕੀਤੀ, ‘ ਬਜ਼ੁਰਗ ਜੀ, ਹਿੰਦੂ ਜਾਂ ਮੁਸਲਮਾਨ ਹੋਣ ਬਾਬਤ ਕੁਝ ਪਤਾ ਨਹੀਂ, ਕਿਉਂ ਜੋ ਉਨ੍ਹਾਂ ਦੇ ਧਰਮ ਗ੍ਰੰਥਾਂ ਦਾ ਮੁਤਾਲਿਆ ਨਹੀਂ, ਪਰ ਸਿੱਖ ਹੋਣ ਕਰਕੇ ਭੀ ਕਿਹਾ ਜਾ ਸਕਦਾ ਹੈ ਕਿ ਗੁਰੂ ਨਾਨਕ ਜੀ ਸਿੱਖ ਨਹੀਂ ਸਨ’। ਹਾਜੀ ਜੀ ਨੇ ਝਟ ਹੀ ਦੂਜਾ ਸਵਾਲ ਕਰ ਦਿਤਾ ਕਿ ‘ਹਜ਼ਰਤ ਬਾਬਾ ਨਾਨਕ ਸਾਹਿਬ ਫਿਰ ਕੀ ਸਨ?’ ਦਾਸ ਦਾ ਜਵਾਬ ਸੀ ਕਿ ਓਹ ‘ਗੁਰੂ’ ਸਨ ਤੇ ਅਸੀਂ ਉਹਨਾਂ ਦੇ ਸਿਖ ਹਾਂ। ਸਿਖ ਦੇ ਮਾਹਿਨੇ ਮੁਰੀਦ ਜਾਂ ਸਿਖਿਆ ਲੈਣ ਵਾਲਾ ਤੇ ਉਨ੍ਹਾਂ ਦੇ ਕਲਾਮ (ਬਾਣੀ) ਨੂੰ ਸੱਚ ਮੰਨ ਕੇ ਉਸ ਉਤੇ ਅਮਲ ਕਰਨ ਵਾਲਾ ਹੈ। ਮੇਰਾ ਇਹ ਜਵਾਬ ਸੁਣ ਕੇ ਹਾਜੀ ਜੀ ਗਦ ਗਦ ਹੋ ਗਏ, ਬਲਕਿ ਉਹਨਾਂ ਤੇ ਇਕ ਵਜਦ ਤਾਰੀ ਹੋ ਗਿਆ। ਢੇਰ ਸਮਾਂ ਇਸ ਹਾਲਤ ਵਿਚ ਰਹਿਣ ਉਪ੍ਰੰਤ ਸਰੂਰ ਵਿਚ ਆ ਕੇ ਕਹਿਣ ਲੱਗੇ, ‘ਮੇਰਾ ਈਮਾਨ ਤਾਂ ਇਹ ਕਹਿੰਦਾ ਹੈ ਕਿ ਜਿਹੜਾ ਆਪਣੇ ਆਪ ਨੂੰ ਮੁਸਲਮਾਨ ਮੰਨਦਾ ਹੈ ਜੇ ਉਹ ਹਜ਼ਰਤ ਬਾਬਾ ਨਾਨਕ ਤੇ ਈਮਾਨ ਨਹੀਂ ਲਿਆਉਂਦਾ ਤਾਂ ਉਹ ਕਾਫਰ ਹੈ’।

ਕੁਝ ਉਤਾਵਲਾ ਪੈ ਕੇ ਮੈਂ ਕਿਹਾ, ਹਾਜੀ ਜੀ, ਇਹ ਮੁਸਲਮਾਨੀ ਦੇਸ਼ (ਕੋਹਮਰੀ) ਹੈ। ਤੁਸਾਡੇ ਬਚਨ ਜੇ ਕੋਈ ਮੁਸਲਮਾਨ ਸੁਣ ਲਵੇ, ਤਾਂ ਤੁਸਾਡੇ ਤੇ ਸੰਗਸਾਰ ਕਰਨ ਦੀ ਸਜ਼ਾ ਦਾ ਫਤਵਾ ਆਇਦ ਹੋ ਸਕਦਾ ਹੈ’। ਅਗੋਂ ਕਹਿਣ ਲੱਗੇ, ‘ਸਾਡੇ ਮਜ਼੍ਹਬ ਵਿਚ ਸੰਗਸਾਰ ਦੀ ਸਜ਼ਾ ਠੀਕ ਹੈ ਪਰ ਫਤਵਾ ਲਾਉਣ ਤੋਂ ਪਹਿਲਾਂ ਪੁਛਿਆ ਜਾਂਦਾ ਹੈ, ਕਿ ਤੁਸਾਡੇ ਪਾਸ ਕੀ ਦਲੀਲ ਹੈ’। ਇਸ ਤੇ ਦਾਸ ਨੇ ਪੁੱਛਿਆ, ‘ਤੁਸਾਡੇ ਪਾਸ ਉਪ੍ਰੋਕਤ ਸ਼ਬਦ ਕਹਿਣ ਦੀ ਕੀ ਦਲੀਲ ਹੈ?’ ਕਹਿਣ ਲੱਗੇ, ‘ਕਿਉਂ ਜੁ ਮੈਂ ਕਾਹਬਾ (ਮੱਕਾ) ਹੱਜ ਕਰਕੇ ਆਇਆ ਹਾਂ, ਹੱਜ ਕਰਕੇ ਆਉਣ ਵਾਲੇ ਨੂੰ ਹਾਜੀ ਕਹਿੰਦੇ ਹਨ’।

ਮੈਂ ਹੁੰਗਾਰਾ ਭਰਿਆ ਹਾਜੀ ਜੀ ਕਹਿਣ ਲੱਗੇ, ‘ਜਦ ਮੈਂ ਮੱਕਾ ਸ਼ਰੀਫ ਦਾ ਹੱਜ ਕਰਨ ਗਿਆ ਤਾਂ ਉਥੇ ਤੁਆਫੋ ਸੰਗੇ ਅਸਵਦ ਅਰਥਾਤ ਕਾਹਬਾ ਸ਼ਰੀਫ ਦੀ ਪ੍ਰਕਰਮਾਂ ਦੀ ਵਾਰੀ ਲਈ ਉਡੀਕ ਕਰਨੀ ਪਈ। ਜਿਸ ਦਿਨ ਮੇਰੀ ਵਾਰੀ ਆਈ ਤਾਂ ਇਕ ਮੁਜਾਵਰ (ਸੇਵਾਦਾਰ) ਮੈਨੂੰ ਉਥੇ ਲੈ ਗਿਆ ਅਤੇ ਮੇਰੀਆਂ ਅੱਖਾਂ ਉਤੇ ਪੱਟੀ ਬੰਨ੍ਹ, ਅੰਦਰ ਦਾਖਲ ਕਰ ਕੇ ਕਹਿਣ ਲੱਗਾ, ‘ਤੁਆਇਫ਼ ਕਰਦੇ ਸਮੇਂ ਸੰਗੇ ਅਸਵਾਦ ਨੂੰ ਬੋਸਾ (ਚੁੰਮੀ) ਦੇਂਦੇ ਜਾਣਾ, ਜਦ ਵਾਪਸ ਦਰਵਾਜ਼ੇ ਪਾਸ ਆ ਜਾਓਗੇ ਤਾਂ ਪੱਟੀ ਖੋਲ੍ਹ ਦਿੱਤੀ ਜਾਵੇਗੀ। ਇਤਨੀ ਹਿਦਾਇਤ ਕਰਕੇ ਉਹ ਮੁਜ਼ਾਵਰ ਚਲਾ ਗਿਆ। ਜਦ ਮੈਂ ਕੁਝ ਕਦਮ ਅੱਗੇ ਹੋਇਆ, ਤਾਂ ਖਿਆਲ ਆਇਆ ਕਿ ਜਿਸ ਕਾਹਬਾ ਸ਼ਰੀਫ਼ ਦੇ ਦੀਦਾਰ ਦੀ ਖਿੱਚ ਇਤਨੀ ਦੂਰ ਤੋਂ ਇਥੇ ਲਿਆਈ, ਇਨ੍ਹਾਂ ਦੀਦਿਆਂ ਨਾਲ ਉਸ ਦਾ ਦੀਦਾਰ ਵੀ ਨਾ ਹੋਵੇ। ਮੁਜਾਵਰ ਚਲਾ ਗਿਆ ਸੀ, ਸੋ ਮੈਂ ਅੱਖਾਂ ਤੋਂ ਪੱਟੀ ਖਿਸਕਾ ਕੇ ਉਪਰ ਮੱਥੇ ਤੇ ਕਰ ਲਈ ਤੇ ਤੁਆਇਫ਼ ਕਰਦਿਆਂ ਬੋਸੇ ਦੇਂਦਾ ਜਾਂਦਾ ਸਾਂ। ਮੈਂ ਕੀ ਡੱਠਾ ਕਿ ਸੰਗੇ ਅਸਵਾਦ ਵਿਚ ਮਹਿਰਾਬ ਦੀ ਸ਼ਕਲ ਦਾ ਖ਼ਮ ਹੈ ਜਿਸਤਰਾਂ ਦਾ ਮੁਸਲਮਾਨ ਮਸਜਿਦਾਂ ਬਨਾਉਣ ਵੇਲੇ ਰਖਦੇ ਹਨ’। ਏਨਾਂ ਕੁਝ ਆਖ ਕੇ ਹਾਜੀ ਸਾਹਿਬ ਮੇਰੇ ਵਲ ਵੇਖਣ ਲੱਗੇ। ਮੈਂ ਪੂਰੇ ਧਿਆਨ ਤੇ ਉਤਸੁਕਤਾ ਨਾਲ ਉਨ੍ਹਾਂ ਦੀ ਗਲ ਸੁਣ ਰਿਹਾਂ ਸਾਂ। ਸੋ ਉਹਨਾਂ ਗਲ ਤੋਰੀ, ‘ਜਿਸ ਵੇਲੇ ਦਰਵਾਜ਼ਾ ਨੇੜੇ ਆ ਗਿਆ ਤਾਂ ਮੈ ਪੱਟੀ ਪਹਿਲੀ ਥਾਂ ਤੋਂ ਅੱਖਾਂ ਉਪਰ ਕਰ ਲਈ। ਮੁਜਾਵਰ ਸਾਹਿਬ ਅਗੇ ਬਾਹਰ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਮੇਰੀਆ ਅੱਖਾਂ ਤੋਂ ਪੱਟੀ ਖੋਲ੍ਹ ਦਿੱਤੀ ਤੇ ਮੈਂ ਬਾਹਰ ਚਲਾ ਆਇਆ। ਮੇਰੇ ਅੰਦਰੋਂ ਸ਼ਕੂਕ (ਸ਼ੱਕ ਦਾ ਬਹੁ ਵਚਨ) ਉਠੇ ਕਿ ਜਿਸ ਕਾਹਬਾ ਸ਼ਰੀਫ਼ ਨੂੰ ਦੁਨੀਆਂ ਦੀ ਸਾਰੀ ਮੁਸਲਮਾਨੀ ਪੰਜ ਵਕਤ ਨਮਾਜ਼ ਅਦਾ ਕਰਦਿਆਂ ਸਤਿਕਾਰ ਨਾਲ ਸਜਦੇ ਕਰਦੀ ਹੈ ਉਸਦੀ ਬਨਾਵਟ ਵਿਚ ਖ਼ਮ ਕਿਉ? ਪਰ ਡਰਦੇ ਮਾਰੇ ਮੈਂ ਕਿਸੇ ਤੋਂ ਪੁਛਾਂ ਵੀ ਨਾ ਕਿ ਅਗੋਂ ਪੁਛ ਲੈਣ ਕਿ ਤੈਨੂੰ ਕਿਸ ਤਰਾਂ ਪਤਾ ਹੈ, ਤਾਂ ਕੀ ਜਵਾਬ ਦਿਆਂਗਾ?

ਆਖਿਰ ਸੋਚ ਸੋਚ ਕੇ ਇਕ ਤਕਰੀਬ ਸੁਝੀ। ਮੈਂ ਉਥੋਂ ਦੇ ਹੈਡ ਮੁਜਾਵਰ ਨਾਲ ਵਾਕਫੀ ਪਾ ਕੇ ਉਸਦੀ ਮੁੱਠੀ ਚਾਪੀ ਕੀਤੀ ਤੇ ਹੋਰ ਵੀ ਸੇਵਾ ਕਰਨੀ ਸ਼ੁਰੂ ਕੀਤੀ। ਕੁਝ ਦਿਨ ਇਸ ਤਰਾਂ ਕਰਦਿਆਂ ਜਦ ਵੇਖਿਆ ਕਿ ਉਹ ਮੇਰੇ ਤੇ ਵਿਸ਼ ਗਏ ਹਨ ਤਾਂ ਮੈਂ ਇਕ ਦਿਨ ਪੁਛ ਬੈਠਾ ਕਿ ਮੇਰੇ ਦਿਲ ਵਿਚ ਕੁਝ ਸ਼ਕੂਕ ਹਨ। ਅੱਗੋਂ ਉਨ੍ਹਾਂ ਕਿਹਾ ਕਿ ਰਫ਼ਾ ਕਰਾ ਲਓ। ਪਰ ਮੇਰਾ ਹੌਂਸਲਾ ਨਾ ਪਿਆ ਤੇ ਮੈਂ ਟਾਲ ਗਿਆ। ਇਕ ਦਿਨ ਫਿਰ ਇਹੋ ਗੱਲ ਕਹੀ, ਤਾਂ ਉਹ ਕਹਿਣ ਲਗੇ ਕਿ ਅਗੇ ਵੀ ਤੂੰ ਕਿਹਾ ਸੀ ਤੇ ਮੈਂ ਜਵਾਬ ਦਿਤਾ ਸੀ ਕਿ ਪੁਛ ਲੈਂ ਪਰ ਤੰੂ ਪੁਛਿਆ ਕੁਝ ਵੀ ਨਾਂਹ। ਮੈਂ ਦਿਲੋਂ ਡਰਾਂ ਕਿ ਜੇ ਉਹਨਾਂ ਪੁਛਿਆ ਕਿ ਤੈਨੂੰ ਕਿਸ ਤਰਾਂ ਪਤਾ ਹੈ ਤਾਂ ਮੈ ਕੀ ਜਵਾਬ ਦਿਆਂਗਾ। ਸੋ ਮੈਂ ਫਿਰ ਟਾਲ ਗਿਆ’।

‘ਕੁਝ ਦਿਨਾਂ ਮਗਰੋਂ ਮੇਰੀ ਵਤਨ ਨੂੰ ਵਾਪਸੀ ਨੇੜੇ ਆ ਗਈ। ਮੈਂ ਸੋਚਿਆ ਕਿ ਦਿਲ ਵਿਚ ਸ਼ਕੂਕ ਲੈ ਕੇ ਚਲਿਆਂ ਹਾਂ ਮੇਰਾ ਹੱਜ ਕਾਹਦਾ? ਇਹ ਸੋਚ ਕੇ ਮੈਂ ਫਿਰ ਹੈਡ ਮੁਜਾਵਰ ਪਾਸ ਪੁੱਜਾ ਤੇ ਦਿਲ ਪੱਕਾ ਕਰਕੇ ਫਿਰ ਕਿਹਾ ਕਿ ਮੇਰੇ ਦਿਲ ਵਿਚ ਕੁਝ ਸ਼ਕੂਕ ਹਨ। ਉਹ ਖਿਝ ਕੇ ਕਹਿਣ ਲਗੇ ‘ਤੂੰ ਅਜੀਬ ਆਦਮੀ ਹੈਂ, ਬਾਰ ਬਾਰ ਸ਼ਕੂਕ ਸ਼ਕੂਕ ਕਹੀਂ ਜਾਂਦਾ ਹੈਂ ਤੇ ਪੁੱਛਦਾ ਕੁਛ ਨਹੀਂ’। ਮੈਂ ਅੱਗੋਂ ਬੜੀ ਆਜ਼ੀਜ਼ੀ ਨਾਲ ਕਿਹਾ, ਜਨਾਬ ਮੈਨੂੰ ਡਰ ਲਗਦਾ ਹੈ, ਤੁਸੀਂ ਮੈਨੂੰ ਪੀਰ ਦਸਤਗੀਰ ਦਾ ਪੰਜਾ ਦਿਓ ਕਿ ਮੈਨੰੂ ਕੁਝ ਕਹੋਗੇ ਨਹੀਂ। ਉਹ ਕਹਿਣ ਲੱਗੇ ਕਿ ਡਰਨ ਦੀ ਕੋਈ ਲੋੜ ਨਹੀਂ, ਬੇ-ਖਟਕੇ ਪੁਛ, ਪਰ ਮੇਰੇ ਇਸਰਾਰ (ਜ਼ਿਦ) ਤੇ ਉਹਨਾਂ ਨੇ ਦਸਤਪੰਜਾ ਦੇ ਦਿੱਤਾ ਕਿ ਤੈਨੂੰ ਕੋਈ ਕੁਝ ਨਹੀਂ ਕਹੇਗਾ’।

‘ਸੋ ਮੈਂ ਕਹਿਣਾ ਸ਼ੁਰੂ ਕੀਤਾ, ‘ਜਨਾਬ! ਜਿਸ ਕਾਹਬਾ ਸ਼ਰੀਫ਼ ਨੂੰ ਦੁਨੀਆਂ ਦੀ ਤਮਾਮ ਮੁਸਲਮਾਨੀ ਬੜੇ ਇਹਤਰਮ ਨਮ ਸਜਦੇ ਕਰਦੀ ਹੈ, ਉਸ ਦੀ ਤਾਮੀਰ ਵਿਚ ਖ਼ਾਮੀ ਕਿਉਂ?’ ਉਹ ਪੁਛਣ ਲੱਗੇ ਕਿ ਕੈਸੀ ਖ਼ਾਮੀ, ਤਾਂ ਮੇਰਾ ਅੰਦਰਲਾ ਫਿਰ ਕੰਬ ਗਿਆ। ਪਰ ਇਹ ਹੌਸਲਾ ਹੋਇਆ ਕਿ ਦਸਤਗੀਰ ਦਾ ਪੰਜਾ ਦਿਤਾ ਹੈ, ਸੋ ਮਨ ਪੱਕਾ ਕਰ ਕੇ ਮੈਂ ਕਹਿ ਦਿੱਤਾ ਕਿ ਕਾਹਬੇ ਸ਼ਰੀਫ ਵਿਚ ਖ਼ਮ ਮੈਂ ਆਪਣੇ ਇਹਨਾਂ ਦੀਦਿਆ ਨਾਲ ਦੇਖਿਆ ਹੈ।‘ ‘ਉਨ੍ਹਾਂ ਅੱਗੋਂ ਇਕ ਵਾਰੀ ਸਿਰਫ ਇੰਨਾ ਕਿਹਾ, ‘ਬੜਾ ਮਾੜਾ ਕੀਤਾ’ ਫਿਰ ਠਹਿਰ ਕੇ ਕਹਿਣ ਲਗੇ, ‘ਤੈਨੂੰ ਦਸਤਗੀਰ ਦਾ ਪੰਜਾ ਦਿਤਾ ਗਿਆ ਹੈ, ਸੋ ਸੁਣ, ਪਰ ਪਹਿਲੋਂ ਇਹ ਦੱਸ ਤੂੰ ਕਿਥੋਂ ਆਇਆ ਹੈਂ? ਮੈਂ ਕਿਹਾ ‘ਹਿੰਦੁਸਤਾਨ ਦਾ ਇਕ ਸੂਬਾ ਪੰਜਾਬ ਹੈ, ਮੈਂ ਉਥੋਂ ਦੇ ਰਹਿਣ ਵਾਲਾ ਹਾਂ’। ਇਸ ਤੇ ਮੁਜਾਵਰ ਸਾਹਿਬ ਪੁਛਣ ਲੱਗੇ, ‘ਉਥੇ ਹਜ਼ਰਤ ਬਾਬਾ ਨਾਨਕ ਸਾਹਿਬ ਦੇ ਪੈਰੋਕਾਰ ਵੀ ਹਨ?’ ਮੇਰਾ ਜੁਆਬ ਸੀ ਕਿ ਪੰਜਾਬ ਵਿਚ ਇਹੋ ਜਿਹੇ ਲੋਕ ਬਹੁਤ ਹਨ ਤੇ ਉਹਨਾਂ ਨੂੰ ‘ਸਿੱਖ ਕਹਿੰਦੇ ਹਨ’। ਤਾਂ ਉਹ ਅਗੋਂ ਕਹਿਣ ਲੱਗੇ ਕਿ ਤਾਂ ਤੁਹਾਨੂੰ ਸਮਝ ਆ ਜਾਵੇਗੀ, ਤਵੱਜੋ ਤੇ ਗੌਰ ਨਾਲ ਸੁਣੋ’-

‘ਇਕ ਵਾਰੀ ਹਜ਼ਰਤ (ਸ੍ਰੀ ਗੁਰੂ ਨਾਨਕ ਦੇਵ ਜੀ) ਸਾਹਿਬ ਮੱਕੇ ਸ਼ਰੀਫ਼ ਦੀ ਜ਼ਿਆਰਤ ਕਰਨ ਇਥੇ ਆਏ ਤੇ ਆਪਣੀ ਮੌਜ ਵਿਚ ਕਾਹਬੇ ਸ਼ਰੀਫ਼ ਵਲ ਲੱਤਾਂ ਪਸਾਰ ਕੇ ਸੌਂ ਗਏ। ਸਰਘੀ ਵੇਲੇ ਖ਼ਾਕਰੋਬ (ਝਾੜੂ ਦੇਣ ਵਾਲਾ) ਸਫਾਈ ਕਰਨ ਲਈ ਆਇਆ, ਕੀ ਡਿੱਠਾ ਕਿ ਇਕ ਅਜਨਬੀ ਕਾਹਬਾ ਸ਼ਰੀਫ ਵੱਲ ਪੈਰ ਕਰਕੇ ਸੁਤਾ ਪਿਆ ਹੈ। ਕਾਹਬਾ ਸ਼ਰੀਫ ਦੀ ਤੌਹੀਨ ਜਾਣ ਗ਼ਜ਼ਬ ਵਿਚ ਆ ਕੇ ਉਸ ਹਜ਼ਰਤ ਸਾਹਿਬ ਨੂੰ ਲੱਤ ਕੱਢ ਮਾਰੀ ਤੇ ਕਹਿਣ ਲੱਗਾ , ‘ਕਾਫ਼ਰ! ਇਥੇ ਮੱਕੇ ਸ਼ਰੀਫ ਵਿਚ ਆ ਕੇ ਤੂੰ ਖੁਦਾ ਦੇ ਘਰ ਵਲ ਲੱਤਾਂ (ਪੈਰ) ਕਰਕੇ ਸੁਤਾ ਪਿਆ ਹੈਂ, ਤੈਨੂੰ ਇਤਨੀ ਹੋਸ਼ ਨਹੀਂ?’ ਅੱਗੋਂ ਬਾਬਾ ਨਾਨਕ ਜੀ ਗੁਸੇ ਵਿਚ ਨਹੀਂ ਆਏ, ਬੜੇ ਠਰੰਮੇ ਨਾਲ ਕਹਿਣ ਲੱਗੇ, ‘ਮਿੱਤਰਾ! ਮੈਂ ਇਕ ਪ੍ਰਦੇਸੀ ਇਸ ਗੱਲ ਤੋਂ ਅਨਜਾਣ ਹਾਂ ਕਿ ਖੁਦਾ ਦਾ ਘਰ ਕਿਤ ਵਲ ਹੈ? ਸੋ ਜਿਧਰ ਖੁਦਾ ਦਾ ਘਰ ਨਹੀਂ, ਮੇਰੀਆਂ ਲੱਤਾਂ ਉਧਰ ਨੂੰ ਕਰ ਦੇਹ’। ਸੋ ਉਸ ਨੇ ਹਜ਼ਰਤ ਦੀਆਂ ਲੱਤਾਂ ਬੜੇ ਗੁਸੇ ਨਾਲ ਦੋ ਵਾਰੀ ਆਪਣੇ ਖਿਆਲ ਮੁਤਾਬਿਕ ਜਿਧਰ ਕਾਹਬਾ ਸ਼ਰੀਫ (ਖੁਦਾ ਦਾ ਘਰ) ਨਹੀ ਸੀ ਉਧਰ ਸੁੱਟੀਆਂ। ਪਰ ਉਸ ਦੀ ਹੈਰਾਨਗੀ ਦੀ ਕੋਈ ਹੱਦ ਨਾ ਰਹੀ, ਜਦ ਦੇਖੇ ਕਿ ਜਿਧਰ ਲੱਤਾਂ ਸੁਟੇ, ਉਧਰ ਉਸਨੂੰ ਕਾਹਬਾ ਨਜ਼ਰ ਆਵੇ। ਉਸਦਾ ਤੌਖਲਾ ਵਧਦਾ ਗਿਆ। ਤੀਜੀ ਵਾਰ ਜਦ ਉਸਨੇ ਹਜ਼ਰਤ ਦੇ ਪਾਓਂ ਛ੍ਹੁਹੇ ਤਾਂ ਉਸਦਾ ਕਲਗ (ਅੰਦਰਲਾ) ਕੰਬ ਗਿਆ ਤੇ ਤੀਜੀ ਵਾਰ ਹੱਥ ਵਿਚ ਪਕੜੇ ਪੈਰ ਵਗਾਹ ਕੇ ਸੁਟਣ ਦਾ ਹੀਂਆ ਨਾ ਪਿਆ ਸਗੋਂ ਉਸਦੇ ਪਾਓਂ ਨੂੰ ਬੋਸੇ ਦੇਣੇ ਸ਼ੁਰੂ ਕਰ ਦਿੱਤੇ। ਕਿਤਨੀ ਦੇਰ ਬੋਸੇ ਦੇਂਦਾ ਗਿਆ ਅਤੇ ਅਫਸੋਸ ਕਰਦਾ ਗਿਆ ਤੇ ਕੀਤੀ ਤਕਸੀਰ ਲਈ ਅਫਵ (ਮੁਆਫੀ) ਮੰਗਦਾ ਰਿਹਾ’।

‘ਇਹ ਆਖ ਕੇ ਹੈਡ-ਮੁਜਾਵਰ ਮੇਰੇ ਮੂੰਹ ਵਲ ਵੇਖਣ ਲਗਾ ਤੇ ਕਹਿਣ ਲਗਾ, ਜਿਸ ਦਿਨ ਦਾ ਇਹ ਵਾਕਿਆ ਹੋਇਆ ਹੈ ਉਸ ਦਿਨ ਦਾ ਕਾਹਬਾ ਸ਼ਰੀਫ (ਸੰਗੇ ਅਸਵਾਦ) ਵਿਚ ਖ਼ਮ ਹੈ’। ਮੁਜਾਵਰ ਸਾਹਿਬ ਨੇ ਇਹ ਵਾਕਿਆ ਸੁਣਾ ਕੇ ਇਸ ਦੀ ਤਾਅਬੀਰ ਸੁਣਾਈ :-
‘ਤਾਅਬੀਰ ਇਹ ਹੈ ਕਿ ਖੁਦਾਵੰਦ ਕਰੀਮ, ਹਜ਼ਰਤ ਬਾਬਾ ਨਾਨਕ ਸਾਹਿਬ ਦੇ ਕਲਬ (ਜਾਮੇ) ਵਿਚ ਆਪਣੇ ਘਰ (ਮੱਕਾ ਸ਼ਰੀਫ) ਆਇਆ ਜਿਥੇ ਉਸ ਜਗ੍ਹਾ ਦੇ ਅੰਞਞਾਣੇ ਤੇ ਨਾਲਾਇਕ ਖਾਕਰੋਬਾਂ (ਸੇਵਾਦਾਰਾਂ) ਨੇ ਉਸ ਦੀ ਤੌਹੀਨ ਕੀਤੀ, ਜਿਸ ਦੇ ਕਿਫਾਰੇ ਵਜੋਂ ਕਾਹਬਾ ਸ਼ਰੀਫ ਨੇ ਆਪਣੇ ਆਪ ਨੂੰ ਹਜ਼ਰਤ ਅੱਗੇ ਝੁਕਾ ਕੇ ਸਜਦਾ ਕੀਤਾ, ਜੋ ਖ਼ਮ ਦੀ ਸ਼ਕਲ ਵਿਚ ਅਜੇ ਤੱਕ ਮੌਜੂਦ ਹੈ’। ਇਤਨੀ ਵਾਰਤਾ ਸੁਣਾ ਕੇ ਹਾਜੀ ਸਾਹਿਬ ਨੇ ਇਕ ਲੰਮਾ ਸਾਹ ਲਿਆ ਜਿਵੇ ਕੋਈ ਵੱਡਾ ਭਾਰ ਲਾਹ ਕੇ ਸਾਹ ਲੈਂਦਾ ਹੈ ਅਤੇ ਮੈਥੋਂ ਪੁਛਣ ਲੱਗੇ, ‘ਸੋ ਹੁਣ ਤੁਸੀਂ ਹੀ ਦੱਸੋ ਕਿ ਜੋ ਸਹੀ ਮਾਹਨਿਆਂ ਵਿਚ ਮੁਸਲਮਾਨ ਹੈ, ਜੋ ਉਹ ਇਸ ਕੌਤਕ ਦੀ ਬਿਨਾਂ ਉਪਰ, ਜੋ ਖਾਸ ਮੱਕਾ ਸ਼ਰੀਫ ਵਿਚ ਜ਼ਹੂਰ-ਪਜ਼ੀਰ ਹੋਇਆ, ਹਜ਼ਰਤ ਬਾਬਾ ਨਾਨਕ ਸਾਹਿਬ ਤੇ ਈਮਾਨ ਨਹੀਂ ਲਿਆਉਂਦਾ, ਤਾਂ ਕੀ ਉਹ ਕਾਫਰ ਨਹੀਂ?’

Comments

Popular posts from this blog

ਗੁਰਬਾਣੀ ਵਿੱਚ ਪਹਿਲੇ ਪਹਿਰ, ਪ੍ਰਭਾਤ ਵੇਲੇ ਅਤੇ ਅੰਮ੍ਰਿਤ ਵੇਲੇ ਦਾ ਨਿਰਣੇ

The Roman Conclave confirms that Guru nanak went Rome and other Nations

Gurudwara Baba Nanak, Baghdad, Iraq