ਗੁਰਬਾਣੀ ਵਿੱਚ ਪਹਿਲੇ ਪਹਿਰ, ਪ੍ਰਭਾਤ ਵੇਲੇ ਅਤੇ ਅੰਮ੍ਰਿਤ ਵੇਲੇ ਦਾ ਨਿਰਣੇ

ਅੱਜ ਖਾਲਸਾ ਪੰਥ ਬ੍ਰਾਹਮਣਵਾਦ ਰੂਪੀ ਨਾਗ ਦੇ ਮੂੰਹ ਵਿੱਚ ਸਮਾ ਜਾਣ ਦੇ ਕਗਾਰ ਤੇ ਹੈ। ਮੂਰਤੀ ਪੂਜਾ ਅਤੇ ਅਨੇਕਾਂ ਪਰਕਾਰ ਦੇ ਭਰਮਾਂ ਅਤੇ ਵਹਿਮਾਂ ਵਿੱਚ ਪਿਆ ਹੋਇਆ ਖਾਲਸਾ ਪੰਥ, ਪਤਿਤ ਪੁਣੇਂ ਦੇ ਬੁਰੇ ਵਕਤ ਤੋਂ ਗੁਜ਼ਰ ਰਿਹਾ ਹੈ। ਇਨ੍ਹਾਂ ਖ਼ਤਰਿਆਂ ਤੋਂ ਅਨਜਾਣ ਸਾਡੇ ਪੰਥਕ ਅਦਾਰੇ, ਅਤੇ ਪ੍ਰਚਾਰਕ ਸਮੇਂ ਦੀ ਨਜ਼ਾਕਤ ਨੂੰ ਨਾਂ ਸਮਝਦੇ ਹੋਏ, ਆਪਣੀ ਹਊਮੈ ਅਤੇ ਵਿਚਾਰਕ ਮਤਭੇਦਾਂ ਨੂੰ ਲੈ ਕੇ ਆਪਣੀ-ਆਪਣੀ ਡਫ਼ਲੀ ਵਜਾ ਰਹੇ ਹਨ। ਪੰਥ ਉਨੂੰਤੇ ਮੰਡਲਾ ਰਹੇ ਖ਼ਤਰਿਆਂ ਵਲ ਕਿਸੇ ਦਾ ਵੀ ਥਿਆਨ ਨਹੀਂ ਹੈ। ਨਿੱਤ ਦਿਨ ਨਵੇਂ-ਨਵੇਂ ਬੇ-ਫ਼ਜ਼ੂਲ ਦੇ ਵਿਵਾਦ ਪੰਥ ਵਿੱਚ ਨਿਤ ਨਵੀਂਆਂ ਬਹਿਸਾਂ ਪੈਦਾ ਕਰਦੇ ਹਨ, ਜਿਸ ਨਾਲ ਸਿੱਖ ਜਗਤ ਵਿੱਚ ਗਿਆਨ ਅਤੇ ਧਿਆਨ ਤੋਂ ਸਿੱਖ ਦੂਰ ਹੁੰਦਾ ਜਾ ਰਿਹਾ ਹੈ। ਸਿੱਖ ਅਸਲੀ ਮੁੱਦਿਆਂ ਤੋਂ ਭਟਕ ਗਿਆ ਹੈ। ਕਈ ਪ੍ਰਕਾਰ ਦੀਆਂ ਬੇਫ਼ਜ਼ੂਲ ਦੀਆਂ ਬਹਿਸਾਂ ਨਾਲ ਸਾਡੀ
ਮੁੱਖ ਸੋਚ ਸਾਡੇ ਤੋਂ ਉਹਲੇ ਹੁੰਦੀ ਜਾ ਰਹੀ ਹੈ। ਇਹ ਬਹਿਸ ਮਾਸ ਖਾਣ ਜਾਂ ਨਾ ਖਾਣ ਦੀ ਹੋਵੇ ਭਾਵੇਂ, ਥਿੱਤ, ਵਾਰ ਅਤੇ ਘੜੀਆਂ ਅਤੇ ਪਹਿਰਾਂ ਦੀ ਹੋਵੇ।
ਗੁਰਬਾਣੀ ਦੀ ਕਸਵੱਟੀ ਨੂੰ ਆਧਾਰ ਬਣਾ ਕੇ ਜੇ ਘੜੀਆਂ ਅਤੇ ਪਹਿਰਾਂ ਉਪਰ ਵਿਚਾਰ ਕੀਤੀ ਜਾਵੇ ਤਾਂ ਪ੍ਰਚਲਿਤ ਘੜੀ (ਜਿਸ ਤੇ ਅਸੀਂ ਟਾਈਮ ਵੇਖਦੇ ਹਾਂ) ਨਾਲ, ਗੁਰਬਾਣੀ ਵਿੱਚ ਵਰਨਿਤ ਅੜੀਆਂ ਅਤੇ ਪਹਿਰਾਂ ਦਾ ਕੋਈ ਸੰਬੰਧ ਨਹੀਂ ਹੈ। ਗੁਰਬਾਣੀ ਵਿੱਚ ਇਨ੍ਹਾਂ ਘੜੀਆਂ ਅਤੇ ਪਹਿਰਾਂ ਦਾ ਵਰਣਨ ਬਹੁਤਾਤ ਵਿੱਚ ਮਿਲਦਾ ਹੈ।
ਗੁਰਬਾਣੀ ਵਿੱਚ ਕੁਲ ਅੱਠ ਪਹਿਰ ਮੰਨੇਂ ਗਏ ਹਨ। ਚਾਰ ਪਹਿਰ ਦਿਨ ਦੇ ਅਤੇ ਚਾਰ ਪਹਿਰ ਰੈਣ (ਰਾਤ) ਦੇ। ਸੂਰਜ ਨਿਕਲਣ ਦੇ ਨਾਲ ਹੀ ਪਹਿਲਾ ਪਹਿਰ ਸ਼ੁਰੂ ਹੋ ਜਾਂਦਾ ਹੈ। ਪ੍ਰਚਲਿਤ ਸਮੇਂ ਵੇਖਣ ਵਾਲੀਆਂ ਘੜੀਆਂ ਨਾਲ ਇਸ ਨੂੰ ਮਿਲਾਇਆ ਨਹੀਂ ਜਾ ਸਕਦਾ ਕਿਉਂਕਿ ਮੌਸਮ ਦੇ ਨਾਲ-ਨਾਲ ਸੂਰਜ ਦੇ ਨਿਕਲਨ ਦਾ ਸਮਾਂ ਵੀ ਬਦਲਦਾ ਰਹਿੰਦਾ ਹੈ। ਪਰ ਪਹਿਲਾ ਪਹਿਰ ਸੂਰਜ ਦੇ ਨਿਕਲਨ ਨਾਲ ਹੀ ਆਰੰਭ ਹੋਵੇਗਾ। ਭਾਵੇਂ ਪ੍ਰਚਲਿਤ ਘੜੀ ਵਿੱਚ ਕੁੱਝ ਵੀ ਵਜਿਆ ਹੋਵੇ।
ਹਾਂ ਇਸ ਪ੍ਰਚਲਿਤ ਘੜੀ ਨਾਲ ਇਨ੍ਹਾਂ ਪਹਿਰਾਂ ਦੀ ਤੁਲਨਾ ਅਤੇ ਅੰਦਾਜ਼ਾ ਜ਼ਰੂਰ ਲਗਾਇਆ ਜਾ ਸਕਦਾ ਹੈ। ਇਸ ਪ੍ਰਚਲਿਤ ਘੜੀ ਨਾਲ ਜੇ ਗੁਰਬਾਣੀ ਵਿੱਚ ਵਰਣਿਤ ਪਹਿਰਾਂ ਦੀ ਤੁਲਨਾ ਅਤੇ ਅੰਦਾਜ਼ਾ ਜੇ ਲਗਾਇਆ ਜਾਵੇ ਤਾਂ ਉਸ ਨੂੰ ਇਸ ਤਰਾਂ ਸਮਝਿਆ ਜਾ ਸਕਦਾ ਹੈ :-
ਦਿਨ ਦੇ ਚਾਰ ਪਹਿਰ :
1. ਪਹਿਲਾ ਪਹਿਰ : ਮੌਸਮ ਅਨੁਸਾਰ ਲਗਭਗ 5:15 - 6:00 (ਸੂਰਜ ਨਿਕਲਨ ਦਾ ਸਮਾਂ) ਵਜੇ ਸ਼ੁਰੂ ਹੋ ਕੇ ਲਗਭਗ 9:00 - 10:00 ਤਕ ਸਮਾਪਤ।
2. ਦੂਜਾ ਪਹਿਰ : ਜਿਸਨੂੰ ਦੁਪਹਿਰ ਵੀ ਕਹਿੰਦੇ ਹਨ 10:00 - 11:00 ਵਜੇ ਸ਼ੁਰੂ ਹੋ ਕੇ 12:00 - 1:00 ਤਕ ਸਮਾਪਤ।
3. ਤੀਜਾ ਪਹਿਰ : ਲਗਭਗ 1:00 - 1:30 ਵਜੇ ਤੋਂ ਲੈ ਕੇ ਲਗਭਗ 2:30 - 3:30 ਤਕ।
4. ਚੌਥਾ ਪਹਿਰ : ਲਗਭਗ 3:30 - 4:00 ਤੋਂ ਲੈ ਕੇ ਸੂਰਜ ਡੁੱਬਣ ਤਕ।
ਰੈਣ (ਰਾਤ) ਦੇ ਚਾਰ ਪਹਿਰ :
1. ਪਹਿਲਾ ਪਹਿਰ : 5:30 - 7:30 (ਮੌਸਮ ਅਨੁਸਾਰ ਸੂਰਜ ਡੁੱਬਣ ਤੋਂ ਬਾਅਦ) ਤੋਂ ਲੈ ਕੇ 8:30 - 9:30 ਤਕ।
2. ਦੂਸਰਾ ਪਹਿਰ : 9:30 - 10:30 ਤੋਂ ਲੈ ਕੇ 12:00 ਤਕ।
3. ਤੀਜਾ ਪਹਿਰ : 12:00 ਤੋਂ ਲੈ ਕੇ 3:00 - 3:30 ਤਕ।
4. ਚੌਥਾ ਪਹਿਰ : 3:30 - 4:00 ਤੋਂ ਸੂਰਜ ਨਿਕਲਣ ਤਕ।
ਪਿਛਲਾ ਪਹਿਰ :
ਇਸ ਪਹਿਰ ਨੂੰ ਪਿਛਲਾ ਪਹਿਰ ਜਾਂ ਗੁਰਬਾਣੀ ਵਿੱਚ ੱਅੰਮ੍ਰਿਤ ਵੇਲਾ- ਵੀ ਕਿਹਾ ਗਇਆ ਹੈ। ਇਹ ਵੇਲਾ ਪਿਛਲਾ ਪਹਿਰ ਇਸ ਲਈ ਵੀ ਕਹਿਆ ਜਾਂਦਾ ਹੈ, ਕਿਉਂਕਿ ਵਾਸਤਵ ਵਿਚ ਇਹ ਰੈਣ (ਰਾਤ) ਦੇ ਚੌਥੇ ਪਹਿਰ ਦਾ ਹੀ ਅਖੀਰਲਾ ਹਿੱਸਾ ਹੈ। ਜੋ ਸੂਰਜ ਨਿਕਲਨ ਤੋਂ ਪਹਿਲਾਂ ਦਾ ਵੇਲਾ ਹੈ।
ਨੋਟ : ਇੱਥੇ ਪਹਿਲੇ ਵੀ ਕਹਿਆ ਜਾ ਚੁਕਾ ਹੈ ਕਿ ਪ੍ਰਚਲਿਸ ਘੜੀ ਦੇ ਨਾਲ ਇਨ੍ਹਾਂ ਪਹਿਰਾਂ ਦਾ ਕੇਵਲ ਅਸੀਂ ਅੰਦਾਜ਼ਾ ਹੀ ਲਗਾ ਸਕਦੇ ਹਾਂ। ਇਸ ਲਈ ਕਦੀ ਵੀ ਇਹ ਨਹੀਂ ਸਮਝਣਾ ਚਾਹੀਦਾ ਕਿ ਉਪਰ ਦਿੱਤਾ ਹੋਇਆ ਟਾਈਮ ਬਿਲਕੁਲ ਨਿਸ਼ਚਿਤ ਹੈ। ਇਥੇ ਕੇਵਲ ਪਹਿਰਾਂ ਨੂੰ ਸਮਝਣ ਲਈ ਪ੍ਰਚਲਿਤ ਘੜੀ ਦਾ ਸਹਾਰਾ ਲਿਆ ਗਇਆ ਹੈ ਜੀ।
ਗੁਰਬਾਣੀ ਅਨੁਸਾਰ ਪਹਿਲੇ ਪਹਿਰ ਜਾਂ ਅੰਮ੍ਰਿਤ ਵੇਲੇ ਦਾ ਨਿਰਣਾ :
ਅੱਜ ਕਲ ਪੰਥ ਦੇ ਕੁੱਝ ਧਾਰਮਿਕ ਅਦਾਰੇ ਗੁਰਬਾਣੀ ਅਤੇ ਰਹਿਤ ਮਰਿਆਦਾ ਦੀ ਅਵਹੇਲਨਾ ਕਰਦਿਆਂ ਇੱਕ ਨਵੀਂ ਬਹਿਸ ਨੂੰ ਜਨਮ ਦੇ ਰਹੇ ਹਨ। ਇਨ੍ਹਾਂ ਵਿੱਚ ਕੁਝ ਕੀਰਤਨੀ ਜੱਥੇ ਵੀ ਸ਼ਾਮਿਲ ਹਨ, ਜੋ ਰਾਤ ਦੇ ਲਗਭਗ 12:00 ਵਜੇ (ਅੱਧੀ ਰਾਤ) ਨੂੰ ਪਹਿਲਾ ਪਹਿਰ ਕਹਿ ਕੇ ਪੰਥ ਨੂੰ ਗੁਰਬਾਣੀ ਦੀ ਸੇਧ ਤੋਂ ਦੂਰ ਲੈ ਜਾਣ ਦਾ ਕੰਮ ਕਰ ਰਹੇ ਹਨ।
ਪਿਛਲਾ ਪਹਿਰ ਸੂਰਜ ਚੜ੍ਹਨ ਤੋਂ ਪਹਿਲਾਂ ਰਾਤ ਦੇ ਚੌਥੇ ਪਹਿਰ ਦਾ ਇੱਕ ਅਖੀਰਲਾ ਹਿੱਸਾ ਹੈ। ਜਿਸ ਨੂੰ ਗੁਰੂ ਸਾਹਿਬਾਨ ਨੇ 'ਅੰਮ੍ਰਿਤ ਵੇਲੇ' ਦੇ ਨਾਮ ਦੀ ਵੀ ਮਹੱਤਤਾ ਦਿੱਤੀ ਹੈ। ਇਹ ਵੇਲਾ ਹੀ ਵਾਹਿਗੁਰੂ ਦਾ ਕੀਰਤਨ, ਧਿਆਨ ਅਤੇ ਨਾਮ ਲੈਣ ਦਾ ਸਭ ਤੋਂ ਸ੍ਰੇਸ਼ਠ ਵੇਲਾ ਕਿਹਾ ਹੈ।
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ।।
ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ।।
(‘ਜਪੁ’ ਜੀ ਸਾਹਿਬ)
ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾ ਦਰਿ ਸੁਣੀ ਪੁਕਾਰ।।
(ਗੁਰੂ ਗ੍ਰੰਥ ਸਾਹਿਬ, ਪੰਨਾ 1255)
ਅੱਧੀ ਰਾਤ ਨੂੰ 'ਅੰਮ੍ਰਿਤ ਵੇਲਾ' ਕਹਿਣ ਵਾਲਿਆਂ ਕੋਲੋਂ ਇਹ ਪੁੱਛੋ ਕਿ ਕਿਹੜਾ ਪੰਛੀ ਰਾਤ ਦੇ ਬਾਰਹ ਵਜੇ ਬੋਲਦਾ ਜਾਂ ਚਹਿਕਦਾ ਹੈ? ਸੂਰਜ ਨਿਕਲਨ ਤੋਂ ਪਹਿਲਾਂ (ਪਿਛਲੇ ਪਹਿਰ) ਹੀ ਪੰਛੀ ਚਹਿਕਣਾ ਸ਼ੁਰੂ ਕਰਦੇ ਹਨ। ਜਿਸ ਗੱਲ ਨੂੰ ਗੁਰਬਾਣੀ ਉਪਰ ਲਿਖਤ ਮਹਾਂਵਾਕ ਅਨੁਸਾਰ ਪ੍ਰਮਾਣਿਤ ਕਰ ਰਹੀ ਹੈ।
ਸ਼ਬਦ ਭਾਵ : ਜਿਸ ਤਰ੍ਹਾਂ ਬਬੀਹਾ ਅੰਮ੍ਰਿਤ ਵੇਲੇ ਉੱਠ ਕੇ ਬੋਲਦਾ ਹੈ ਤੇ ਵਾਹਿਗੁਰੂ ਉਸਦੀ ਪੁਕਾਰ ਨੂੰ ਸੁਣਦਾ ਹੈ, ਉਸ ਤਰ੍ਹਾਂ ਹੀ ਤੂੰ ਅੰਮ੍ਰਿਤ ਵੇਲੇ ਉਠ ਕੇ ਵਾਹਿਗਰੂ ਨੂੰ ਯਾਦ ਕਰ ਉਸ ਦਾ ਨਾਮ ਜਪ।
ਝਾਲਾਘੇ ਉਠਿ ਨਾਮੁ ਜਪਿ ਨਿਸਿ ਬਾਸੁਰ ਆਰਾਧਿ।।
ਕਾਰ੍ਹਾ ਤੁਝੈ ਨ ਬਿਆਪਈ ਨਾਨਕ ਮਿਟੈ ਉਪਾਧਿ।।
(ਪੰਨਾ 255, ਗੁਰੂ ਗ੍ਰੰਥ ਸਾਹਿਬ ਜੀ)
ਇਥੇ ‘ਝਾਲਾਘੇ’ ਸ਼ਬਦ ਦਾ ਅਰਥ ਵੀ ਸੂਰਜ ਦੀ ਰੋਸ਼ਨੀ ਨਿਕਲਨ ਤੋਂ ਪਹਿਲੇ ਦਾ ਵੇਲਾ, ਪ੍ਰਭਾਤ ਦਾ ਵੇਲਾ, ਅਤੇ ਸੂਰਜ ਨਿਕਲਨ ਤੋਂ ਤੁਰੰਤ ਪਹਿਲੇ ਦਾ ਸਮਾਂ ਹੈ।
ਜਿਹੜੇ ਵੀਰ ਰਾਤ 12 ਵਜੇ ਨੂੰ ੱਪਹਿਲਾ ਪਹਿਰ- ਕਹਿੰਦੇ ਹਨ, ਉਨ੍ਹਾਂ ਕੋਲੋਂ ਇਹ ਪੁੱਛਣ ਤੇ ਦਿਲ ਕਰਦਾ ਹੈ ਕਿ ਰਾਤ ਦਾ ਵੇਲਾ ਤੇ ਕੁਦਰਤ ਨੇ ਵੀ ਸੰਸਾਰਕ ਕੰਮ-ਕਾਜ ਤੋਂ ਥੱਕੇ ਹਾਰੇ ਹੋਏ ਪ੍ਰਾਣੀਆਂ ਨੂੰ ਦਿਮਾਗੀ ਅਤੇ ਸਰੀਰਕ ਆਰਾਮ ਕਰਨ ਲਈ ਬਣਾਇਆ ਹੈ। ਇਥੋਂ ਤਕ ਕਿ ਇਨਸਾਨ ਹੀ ਨਹੀਂ ਪਸ਼ੂ-ਪੰਛੀ ਵੀ ਰਾਤ ਨੂੰ ਸੁੱਤੇ ਰਹਿੰਦੇ ਹਨ ਅਤੇ ਆਰਾਮ ਕਰਦੇ ਹਨ। ਫਿਰ ਇਨ੍ਹਾਂ ਵੀਰਾਂ ਨੂੰ ਅੱਧੀ ਰਾਤੀਂ ਉਠ ਕੇ ਵਾਜੇ ਅਤੇ ਢੋਲ ਵਜਾ ਕੇ ਕੀਰਤਨ ਕਰਨ ਦੀ ਇਜਾਜ਼ਤ ਕਿੰਨੇ ਦਿੱਤੀ ਹੈ?
ਹਾਂ ਇਹ ਗਲ ਵੱਖਰੀ ਹੈ ਕਿ ਪ੍ਰਭੂ ਦਾ ਸਿਮਰਨ ਤੇ ਅੱਠ ਪਹਿਰ ਕਰਨ ਦਾ ਹਰ ਸਿੱਖ ਨੂੰ ਹੁਕਮ ਹੈ। ਸੌਂਦਿਆਂ, ਉੱਠਦਿਆਂ, ਬਹਿੰਦਿਆਂ, ਵਾਹਿਗੁਰੂ ਦਾ ਸਿਮਰਨ ਕਰਨਾ (ਯਾਨੀ ਹਰ ਅਵਸਥਾ/ਸਥਿਤੀ ਵਿੱਚ ਉਸ ਪਰਮਾਤਮਾ ਦੇ ਨੇਕ ਗੁਣਾਂ ਨੂੰ ਯਾਦ ਰੱਖਣਾ) ਹਰ ਇਨਸਾਨ ਦਾ ਪਹਿਲਾ ਫਰਜ਼ ਹੈ। ਲੇਕਿਨ ਅੱਧੀ ਰਾਤ ਵੇਲੇ ਕੀਰਤਨ ਸਮਾਗਮ ਕਰਨੇ ਨਾ ਤਾਂ ਰਹਿਤ ਮਰਿਯਾਦਾ ਦੇ ਅਨੁਕੂਲ ਹਨ ਅਤੇ ਨਾਂ ਹੀ 'ਗੁਰਮਤਿ' ਦੇ ਹੀ ਅਨੁਕੂਲ ਹਨ। ਇਹ ਵੀ ਇੱਕ 'ਕਰਮਕਾਂਡ' ਜਾਂ 'ਦਿਖਾਵੇ' ਤੋਂ ਵੱਧ ਹੋਰ ਕੁੱਝ ਨਹੀਂ।
ਪਹਿਲੈ ਪਹਰੈ ਫੁਲੜਾ ਫਲੁ ਭੀ ਪਛਾ ਰਾਤਿ।।
ਜੋ ਜਾਗੰਨਿ ਲਹੰਨਿ ਸੇ ਸਾਈ ਕੰਨੋ ਦਾਤਿ।।
- - -
ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ।।
ਇਕਿ ਜਾਗੰਦੇ ਨਾ ਲਹਨਿ ਇਕਨਾ ਸੁਤਿਆ ਦੇਇ ਉਠਾਲਿ।।
- - -
ਪਰਭਾਤੇ ਪ੍ਰਭ ਨਾਮਿ ਜਪਿ ਗੁਰ ਕੇ ਚਰਣ ਧਿਆਇ।।
ਜਨਮ ਮਰਣ ਮਲ ਉਤਰੈ ਸਚੇ ਕੇ ਗੁਣ ਗਾਇ।।
(1099)
ਉਪਰ ਲਿਖੇ ਗੁਰੂ ਦੇ ਬਚਨਾਂ ਵਿੱਚ ਵੀ ਸਪਸ਼ਟ ਨਿਰਦੇਸ਼ ਹੈ ਕਿ ਵਾਹਿਗੁਰੂ ਦਾ ਨਾਮ ਜਪਣ ਲਈ ਹੈ ਪਿਆਰੇ ਸਿੱਖਾ! ਪ੍ਰਭਾਤ ਦੇ ਵੇਲੇ ਉਠ ਤੇ ਪ੍ਰਭੂ ਦਾ ਨਾਮ ਜਪ।
ਸ਼ਬਦ ਭਾਵ : ਹੇ ਮੇਰੇ ਪਿਆਰੇ ਸਿੱਖਾ! ਪਹਿਲੇ ਪਹਿਰ ਰਾਤ ਦੇ ਪਿਛਲੇ ਪਹਿਰ ਵਿੳ ਉਠ ਕੇ ਪ੍ਰਭੂ ਦਾ ਨਾਮ ਲੈ। ਇਹੀ ਵੇਲਾ ਹੈ ਜਦੋਂ ਫਲ-ਫੁਲ ਭਾਵ ਪੂਰੀ ਬਨਸਪਤੀ ਵੀ ਫੁੱਲਦੀ-ਫਲਦੀ ਹੈ। ਜਦੋਂ ਦਾਤੇ ਕੋਲ ਜਾਏਂਗਾ ਤਾਂ ਨਾਲ ਕੀ ਲੈ ਕੇ ਜਾਏਂਗਾ। ਇਸ ਸੰਸਾਰ ਵਿੱਚ ਕੁੱਝ (ਭਾਗਹੀਣ) ਹਨ ਜੋ ਜਾਗਦੇ ਹੋਏ ਵੀ ਪ੍ਰਭੂ ਦਾ ਨਾਮ ਨਹੀਂ ਜਪਦੇ। ਤੇ ਇੱਕ ਉਹ ਹਨ, ਜਿਨ੍ਹਾਂ ਤੇ ਉਸ ਦੀ ਕਿਰਪਾ ਹੋ ਜਾਂਦੀ ਹੈ, ਤੇ ਉਨ੍ਹਾਂ ਨੂੰ ਪ੍ਰਭੂ ਆਪ ਉਠਾ ਕੇ ਆਪਣੇ ਨਾਮ ਦਾ ਜਪਣਾ ਬਖ਼ਸ਼ ਦੇਂਦਾ ਹੈ। ਪ੍ਰਭਾਤ (ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਦਾ ਸਮਾਂ) ਦੇ ਵੇਲੇ ਜਾਗ ਅਤੇ ਗੁਰੂ ਦੇ ਚਰਨਾਂ ਦੀ ਅਰਾਧਨਾ ਕਰ। ਇਸ ਤਰ੍ਹਾਂ ਤੇਰੇ ਜਨਮ-ਮਰਨ ਦੇ ਸਾਰੇ ਦੁਖ ਦੂਰ ਹੋ ਜਾਣਗੇ।
ਇਸ ਸ਼ਬਦ ਵਿੱਚ ਸਤਿਗੁਰੂ ਨੇ ਬਿਲਕੁਲ ਸਪਸ਼ਟ ਕਰ ਦਿੱਤਾ ਹੈ ਕਿ 'ਪ੍ਰਭਾਤ' ਦਾ ਵੇਲਾ ਹੀ 'ਪਹਿਲਾ ਪਹਿਰ' ਹੈ ਅਤੇ ਉਹ ਹੀ ਅਕਾਲ ਦੀ ਉਸਤਤ ਕਰਨ ਦਾ ਸ੍ਰੇਸ਼ਠ ਵੇਲਾ ਹੈ।
ਮੇਰੇ ਗੁਰੂ ਭਾਈਓ! ਅਹੰਕਾਰ ਅਤੇ ਹਉਮੈ ਵਿਚ ਆ ਕੇ ਗੁਰਮਤਿ ਦੇ ਉਲਟ ਮਰਿਯਾਦਾ ਨਾਂ ਬਨਾਓ। ਪੰਥ ਉਪਰ ਮੰਡਲਾ ਰਹੇ ਖ਼ਤਰਿਆਂ ਨਾਲ ਲੜਨ ਲਈ ਇੱਕ-ਜੁੱਟ ਹੋ ਕੇ ਅੱਠੋਂ ਪਹਿਰ ਉਸ ਦਾ ਧਿਆਨ ਅਤੇ ਸਿਮਰਨ ਕਰੋ। ਕਿਸੇ ਵੀ ਨਿਰਣੇ ਲਈ ਸਾਡੇ ਕੋਲ ਪੰਥ ਪ੍ਰਵਾਨਿਤ 'ਰਹਿਤ ਮਰਿਯਾਦਾ' ਮੌਜੂਦ ਹੈ, ਉਸ ਦਾ ਆਦਰ ਕਰੋ। 'ਮਨਮਤਿ' ਤਿਆਗ 'ਗੁਰਮਤਿ' ਨਾਲ ਜੁੜੋ ਅਤੇ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ।

Comments

Popular posts from this blog

The Roman Conclave confirms that Guru nanak went Rome and other Nations

Can sikhs use saam, daam, dand and bhed?