ਖ਼ਾਲਸਈ ਨਿਸ਼ਾਨ ਦੇ ਰੰਗ ਦਾ ਭਗਵਾਂਕਰਨ

ਖ਼ਾਲਸਾ ਪੰਥ ਦੇ ਗੁਰੂ ਵਰੋਸਾਏ ਝੰਡੇ ਨੂੰ ਨਿਸ਼ਾਨ ਸਾਹਿਬ ਦਾ ਖਿਤਾਬ ਹਾਸਿਲ ਹੈ। ਇਹ ਪਾਕ ਪਵਿੱਤਰ ਝੰਡਾ ਕੋਈ ਆਮ ਝੰਡਾ ਨਹੀਂ। ਬਸੰਤੀ ਰੰਗ ਅਤੇ ਸੁਰਮਈ ਫਹਿਰਕੇ ਵਾਲਾ ਨਿਰਾਲੀ ਹੀ ਸ਼ਕਲ ਵਾਲਾ ਨਿਸ਼ਾਨ ਹੈ। ਸੋ ਇਸ ਕਰਕੇ ਇਸ ਨਿਸ਼ਾਨ ਦੇ ਬਸਤਰਾਂ ਨੂੰ ਚੜਾਉਣ ਅਤੇ ਉਤਾਰਨ ਦੀ ਵਿਧੀ ਵੀ ਨਿਰਾਲੀ ਹੀ ਹੈ। ਭਾਈ ਕੁਲਬੀਰ ਸਿੰਘ ਹੋਰਾਂ ਇਸ ਵਿਧੀ ਨੂੰ ਦੂਸਰੇ ਲੇਖ ਵਿਚ ਬਾਖੂਬੀ ਬਿਆਨ ਕੀਤਾ ਹੈ। ਇਕ ਦੋ ਗੱਲਾਂ ਜੋ ਦਾਸ ਦੀ ਜੋ ਨਜ਼ਰੀ ਪਈਆਂ ਹਨ ਉਹ ਸੰਗਤਾਂ ਦੇ ਸਨਮੁੱਖ ਰੱਖਣਾ ਚਾਹੁੰਦਾ ਹਾਂ। ਪਹਿਲੀ ਗੱਲ ਤਾਂ ਇਹ ਹੈ ਕਿ ਇਸ ਨਿਸ਼ਾਨ ਸਾਹਿਬ ਦਾ ਰੰਗ ਜੋ ਕਿ ਖ਼ਾਲਸੇ ਨੂੰ ਬਸੰਤੀ ਰੰਗ ਮਿਲਿਆ ਸੀ ਅੱਜ ੳਸਦਾ ਭੀ


 ਭਗਵਾਂਕਰਨ ਹੋ ਚੁੱਕਾ ਹੈ। ਪੁਰਾਤਨ ਵਿਦਵਾਨ ਭਾਈ ਸਾਹਿਬ ਰਣਧੀਰ ਸਿੰਘ ਜੀ, ਭਾਈ ਸਾਹਿਬ ਕ੍ਹਾਨ ਸਿੰਘ ਜੀ ਨਾਭਾ ਅਤੇ ਹੋਰ ਵਿਦਵਾਨ ਸਾਰੇ ਹੀ ਇਸਦਾ ਰੰਗ ਬਸੰਤੀ ਲਿਖਦੇ ਹਨ ਔਰ ਹੈ ਭੀ ਠੀਕ ਕਿਉਂਕਿ ਇਕ ਤਾਂ ਬਸੰਤੀ ਰੰਗ ਨਵ-ਬਹਾਰ ਦਾ ਪ੍ਰਤੀਕ ਹੈ ਤੇ ਦੂਸਰਾ ਕਰੁਬਾਨੀ ਦਾ ਪ੍ਰਤੀਕ ਹੈ। ਜਿਸ ਜਿਸ ਜਗ੍ਹਾ ਤੇ ਖ਼ਾਲਸੇ ਦਾ ਇਹ ਨਿਸ਼ਾਨ ਝੱੁਲਿਆ ਓਸ ਓਸ ਜਗ੍ਹਾ ਤੇ ਨਵ-ਬਹਾਰ ਬਿਲਕੁਲ ਆਈ। ਇਤਿਹਾਸ ਇਸਦਾ ਗਵਾਹ ਹੈ ਪਰ ਪਿਛਲੇ ਕੁੱਝ ਇਕ ਸਮੇਂ ਤੋਂ ਦੇਖਣ ਵਿਚ ਆ ਰਿਹਾ ਹੈ ਕਿ ਇਸਨੂੰ ਨਵਾਂ ਹੀ ਰੰਗ ਕੇਸਰੀ ਕਹਿ ਪ੍ਰਚਾਰਿਆ ਜਾ ਰਿਹਾ ਹੈ ਪਤਾ ਨਹੀ ਇਹ ਰੰਗ ਕਿਥੋ ਆ ਗਿਆ।

ਹੁਣ ਇਕ ਗੱਲ ਆਪਜੀ ਹੋਰ ਨੋਟ ਕਰਿਉ ਕੇਸਰੀ ਰੰਗ ਦਾ ਭਗਵਾਕਰਨ ਕਰਨਾ ਸੌਖਾ ਹੈ ਪਰ ਬਸੰਤੀ ਰੰਗ ਦਾ ਭਗਵਾਕਰਨ ਨਹੀਂ ਕੀਤਾ ਜਾ ਸਕਦਾ ਇਕਦਮ ਫੜਿਆ ਜਾਂਦਾ ਹੈ। ਦਾਸ ਤਾਂ ਸੋਚਦਾ ਹੁੰਦਾ ਹੈ ਬਈ ਸਾਡੇ ਸਿੱਖ ਹਰੇਕ ਪਾਸਿਉ ਹੀ ਐਸੇ ਅਵੇਸਲੇ ਹੋ ਗਏ ਹਨ ਕਿ ਆਨਮਤਿ ਦਾ ਪ੍ਰਭਾਵ ਬੜੀ ਛੇਤੀ ਹੀ ਕਬੂਲੀ ਜਾਂਦੇ ਰਾਜਨੀਤਿਕ ਤੌਰ ਤਾਂ ਸਿੱਖ ਅੱਜ ਵੱਧ ਕਮਜ਼ੋਰ ਹੈ ਕਾਰਨ ਇਹ ਭੀ ਹੈ ਕਿ ਜਿਸ ਨਿਸ਼ਾਨ ਦੇ ਹੇਠ ਚਲ ਕੇ ਕੋਈ ਪ੍ਰਾਪਤੀ ਕਰਨੀ ਸੀ ਪਹਿਲੋਂ ਹੀ ਉਸ ਨਿਸ਼ਾਨ ਦਾ ਭਗਵਾਂਕਰਨ ਹੋ ਚੁੱਕਾ ਹੈ। ਹੋ ਸਕਦਾ ਹੈ ਕਿ ਮੇਰੇ ਕਈ ਸਿੱਖ ਵੀਰ ਇਹ ਕਹਿਣ ਕਿ ਰੰਗਾ ਵਿਚ ਕੀ ਰੱਖਿਆ ਹੈ ਮਿਲਦਾ-ਜੁਲਦਾ ਕੋਈ ਰੰਗ ਹੋਵੇ ਨਿਸ਼ਾਨ ਸਾਹਿਬ ਤਾਂ ਹੈ ਹੀ, ਤਾਂ ਅਰਜ਼ ਹੈ ਜੀ ਕਿ ਕਦੇ ਆਪ ਜੀ ਇਹ ਵੇਖਿਆ ਹੈ ਕਿ ਕਿਸੇ ਦੁਨਿਆਵੀ ਝੰਡੇ ਜਿਵੇਂ ਕਿ ਅਮਰੀਕਾ ਦਾ ਹੀ ਲੈ ਲਉ ਦੇ ਰੰਗਾ ਵਿਚ ਕਦੀ ਵਖਰੇਵਾਂ ਆਇਆ ਹੋਵੇ ਕਦੇ ਆਪਜੀ ਨੇ ਦੇਖਿਆ ਕਿ ਅਮਰੀਕਾ ਦੇ ਝੰਡੇ ਵਿਚਲੇ ਲਾਲ ਰੰਗਾ ਦੀ ਥਾਂ ਸੰਤਰੀ, ਨੀਲੇ ਦੀ ਥਾਂ ਸੁਰਮਈ ਜਾਂ ਚਿਟੇ ਦੀ ਥਾਂ ਘਸਮੇਲਾ? ਕਦੇ ਵੀ ਇਸਤਰਾਂ ਨਹੀ ਹੋਇਆ ਸਗੋਂ ਜਿਸ ਦਿਨ ਦਾ ਇਸ ਦੇਸ਼ ਦਾ ਝੰਢਾ ਹੋਂਦ ਵਿਚ ਆਇਆ ਹੈ ਉਦੋਂ ਤੋਂ ਹੀ ਲਾਲ, ਨੀਲੇ ਅਤੇ ਚਿੱਟੇ (Red White Blue) ਹੀ ਰਿਹਾ ਹੈ ਤਾਂ ਤੇ ਜਦ ਕਿਸੇ ਦੇਸ਼ ਦੇ ਝੰਡੇ ਰੰਗ ਵਿਚ ਫ਼ਰਕ ਨਹੀਂ ਆਇਆ ਤਾਂ ਖ਼ਾਲਸੇ ਦੇ ਬਸੰਤੀ ਰੰਗ ਦਾ ਅੱਜ ਹੌਲੀ-ਹੌਲੀ ਕੀਤਾ ਜਾ ਰਿਹਾ ਭਗਵਾਂਕਰਨ ਕਿਵੇਂ ਮੰਨਜ਼ੂਰ ਕੀਤਾ ਜਾ ਸਕਦਾ ਹੈ। ਸੋ ਇਸ ਪਾਸੇ ਆ ਰਹੇ ਅਵੇਸਲੇਪਨ ਤੋਂ ਵੀ ਖ਼ਾਲਸਾ ਸੁਚੇਤ ਹੋਵੇ ਨਿਸ਼ਾਨ ਸਾਹਿਬ ਦੇ ਬਸਤਰ ਦੀ ਖ੍ਰੀਦੋ ਫਰੋਕਤ ਕਰਦੇ ਸਮੇਂ ਇਸ ਗੱਲ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਰੰਗ ਬਸੰਤੀ ਹੋਵੇ ਨਾ ਕਿ ਕੋਈ ਹੋਰ। ਕਿਉਕਿ ਬਜਾਜੀ ਦੀ ਬਹੁਤੀਆਂ ਦੁਕਾਨਾ ਪੰਜਾਬ ਵਿਚ ਸਿੱਖ ਤਬਕੇ ਦੀਆਂ ਨਹੀਂ ਹਨ ਸੋ ਆਮ ਤੌਰ ਤੇ ਇਹ ਵੀ ਦੇਖਣ ਵਿਚ ਆ ਰਿਹਾ ਹੈ ਕਿ ਜੋ ਰੰਗ ਬਜਾਜੀ ਵਾਲਾ ਵੇਚਣਾ ਚਾਹੁੰਦਾ ਹੈ ਆਪਾ ਉਸੇ ਨੂੰ ਲੈ ਲੈਦੇ ਹਾਂ।

ਬਸੰਤੀ ਰੰਗ ਵਰਗਾ ਨਿਸ਼ਾਨ:


ਭਗਵਾਂ ਰੰਗ ਵਰਗਾ ਨਿਸ਼ਾਨ ਜਿਹੜਾ ਰੰਗ ਕਿ ਦੇਵੀ ਦੇਵਤਿਆਂ ਦੇ ਮੰਦਰਾਂ ਦੇ ਝੰਡਿਆਂ ਦਾ ਰੰਗ ਹੈ।


ਦੂਸਰੀ ਗੱਲ ਇਹ ਜਿਸ ਤੇ ਦਾਸ ਗੁਰੂਦੁਆਰਿਆ ਦੇ ਪ੍ਰੰਬਧਕਾਂ ਦਾ ਧਿਆਨ ਦੁਆਉਣਾ ਚਾਹੁੰਦਾ ਹੈ ਉਹ ਇਹ ਹੈ ਕਿ ਇਹ ਭੀ ਜਰੂਰੀ ਨਹੀਂ ਕਿ ਨਿਸ਼ਾਨ ਸਾਹਿਬ ਦੇ ਬਸਤਰ ਸਿਰਫ ਤੇ ਸਿਰਫ ਵਿਸਾਖੀ ਤੇ ਹੀ ਬਦਲਣੇ ਹਨ। ਕਈ ਵਾਰੀ ਬਸਤਰਾਂ ਦੀ ਹਾਲਤ ਮੋਸਮੀ ਹਾਲਤਾਂ ਕਾਰਨ ਜਲਦ ਹੀ ਖਰਾਬ ਹੋ ਜਾਂਦੀ ਹੈ ਖਾਸ ਕਰ ਬਦੇਸ਼ਾ ਵਿਚ ਜਿਥੇ ਬਰਫ਼ ਅਤੇ ਹੋਰਨਾਂ ਝੱਖੜਾਂ ਦੇ ਕਾਰਨ ਇਸਤਰਾਂ ਹੋ ਜਾਂਦਾ ਹੈ ਅਤੇ ਬਸਤਰ ਜਲਦੀ ਵੀ ਬਦਲਣੇ ਪੈ ਸਕਦੇ ਹਨ ਤਾਂ ਉਸ ਹਾਲਾਤ ਵਿਚ ਕਿਸੇ ਵੀ ਗੁਰਪੁਰਬ ਜਾਂ ਸ਼ਹੀਦੀ ਦਿਹਾੜੇ ਤੇ ਬਸਤਰ ਬਦਲੇ ਜਾ ਸਕਦੇ ਹਨ। ਕਿਉਂਕਿ ਬਿਰਧ ਜਾਂ ਫਟ ਚੁੱਕੇ ਨਿਸ਼ਾਨ ਸਾਹਿਬ ਨੰੂ ਲੱਗਾ ਰਹਿਣ ਦੇਣਾ ਭੀ ਖ਼ਾਲਸੇ ਦੀ ਖੜਦੀ ਕਲਾਂ ਦਾ ਪ੍ਰਤੀਕ ਹੈ ਅਤੇ ਜਿਥੇ ਤੱਕ ਹੋ ਸਕੇ ਪੁਰਾਣੇ ਬਸਤਰ ਸਤਿਕਾਰ ਸਹਿਤ ਅਗਨ ਭੇਂਟ ਕਰ ਦੇਣੇ ਚਾਹੀਦੇ ਹਨ।

ਤੀਜੇ ਵਿਦੇਸ਼ਾਂ ਵਿਚ ਇਹ ਭੀ ਦੇਖਣ ਵਿਚ ਆ ਰਿਹਾ ਹੈ ਕਿ ਜਦੋਂ ਗੁਰੂਦੁਆਰਾ ਸਾਹਿਬ ਦੀ ਉਸਾਰੀ ਜਾ ਕੋਈ ਪਹਿਲੋਂ ਹੀ ਬਣੀ ਬਣਾਈ ਇਮਾਰਤ ਖਰੀਦੀ ਜਾਂਦੀ ਹੈ ਤਾਂ ਕਈ ਵਾਰ ਕਮੇਟੀਆ ਨਿਸ਼ਾਨ ਸਾਹਿਬ ਵਾਸਤੇ ਅੱਡਰੀ ਜਗ੍ਹਾ ਰੱਖਣ ਵਾਸਤੇ ਕੋਈ ਵੀ ਪ੍ਰਬੰਧ ਨਹੀਂ ਕਰਦੀਆਂ ਜਿਵੇਂ ਕਿ ਇਹ ਕੋਈ ਜਰੂਰੀ ਕਾਰਜ ਨਹੀਂ ਤਾਂ ਇਹਨਾਂ ਪ੍ਰੰਬਧਕਾਂ ਦੇ ਗਿਆਨ ਵਾਸਤੇ ਇਹ ਦੱਸ ਦੇਣਾ ਜਰੂਰੀ ਹੈ ਕਿ ਇਹ ਖ਼ਾਲਸੇ ਦੀ ਰਵਾਇਤ ਰਹੀ ਹੈ ਕਿ ਜਦੋਂ ਵੀ ਕੋਈ ਗੁਰੂ ਕੇ ਅਸਥਾਨ ਤਿਆਰ ਕੀਤੇ ਜਾਂਦੇ ਰਹੇ ਹਨ ਪੰਜ ਸਿੰਘ ਪਹਿਲੋਂ ਉਥੇ ਨਿਸ਼ਾਨ ਸਾਹਿਬ ਗੱਡਿਆ ਕਰਦੇ ਸਨ ਔਰ ਇਹ ਐਸਾ ਗੱਡਿਆ ਜਾਂਦਾ ਸੀ ਕੀ ਕਿਸੇ ਦੇ ਉਖਾੜਿਆ ਵੀ ਨਹੀਂ ਸੀ ਉਖੜਦਾ ਭਾਵੇਂ ਕਿੱਡੇ ਹਨੇਰੀ ਝੱਖੜ ਹੀ ਕਿਉਂ ਨਾ ਆਵਣ ਇਹ ਅਡੋਲ ਰਿਹਾ ਹੈ। ਸੰਗਤ ਦੀ ਦਿਲਚਸਪੀ ਵਾਸਤੇ ਦਾਸ ਇਕ ਵਾਕਿਆ ਪੇਸ਼ ਕਰਨਾ ਚਾਹੇਗਾ ਜੋ ਕਿ ਅਮਰੀਕਾ ਦੀ ਧਰਤੀ ਤੇ ਵਾਪਿਰਆ।

ਇਹ ਵਾਕਿਆ ਸਾਨੂੰ ਇਕ ਵੀਰ ਜੋ ਕਿ ਆਮ ਤੌਰ ਤੇ ਨਿਊ ਜਰਸੀ ਦੇ ਕਈ ਗੁਰੂਦੁਆਰਿਆ ਦੀ ਕਾਰ ਸੇਵਾ ਦੌਰਾਨ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਹਨ ਉਹਨਾਂ ਦੱਸਿਆ ਕਿ ਗੁਰੂਦੁਆਰਾ ਬਰਿੱਜਵਾਟਰ ਨਿਊਜਰਸੀ ਦੀ ਸੰਗਤਾਂ ਨੇ ਗੁਰੂਦੁਆਰਾ ਸਾਹਿਬ ਦੀ ਪਹਿਲੀ ਇਮਾਰਤ ਦੀ ਥਾਂ ਨਵੀਂ ਇਮਾਰਤ ਤਿਆਰ ਪਿਛੇ ਜਿਹੇ ਹੀ ਤਿਆਰ ਕੀਤੀ ਹੈ। ਜੇਕਰ ਕਿਸੇ ਨੇ ਗੁਰੂਦੁਆਰਾ ਸਾਹਿਬ ਜੀ ਦਰਸ਼ਨ ਕੀਤੇ ਹੋਵਣ ਤਾਂ ਆਪ ਜੀ ਨੇ ਵੇਖਿਆ ਹੋਵੇਗਾ ਕਿ ਬੜਾ ਉੱਚਾ ਨਿਸ਼ਾਨ ਸਾਹਿਬ ਘਾਟੀ ਚੜਦਿਆਂ ਹੀ ਸ਼ੂਸ਼ੋਭਤ ਸੀ ਅਤੇਂ ਦੂਰੋਂ ਹੀ ਦਿਖਾਈ ਦਿੰਦਾ ਸੀ। ਨਵੀਂ ਇਮਾਰਤ ਦੀ ਉਸਾਰੀ ਦੌਰਾਨ ਨਿਸ਼ਾਨ ਸਾਹਿਬ ਭੀ ਬਦਲ ਕੇ ਦੂਸਰੀ ਜਗ੍ਹਾ ਤੇ ਲਾਉਣਾ ਸੀ। ਹੁਣ ਕਮਾਲ ਦੀ ਗੱਲ ਦੇਖੋ ਜਦੋਂ ਕਰੇਨ ਲਿਆ ਕੇ ਨਿਸ਼ਾਨ ਸਾਹਿਬ ਦੇ ਪੋਲ ਨੂੰ ਪੁਟਣ ਲੱਗੇ ਤਾਂ ਇਹ ਹਿਲਣ ਦਾ ਨਾਂ ਵੀ ਨਾ ਲਵੇ ਬਥੇਰਾ ਜੋਰ ਲਾਇਆ ਕਰੇਨ ਆਪਰੇਟਰ ਨੇ ਨਿਸ਼ਾਨ ਸਾਹਿਬ ਟਸ ਤੋਂ ਮਸ ਤੱਕ ਨਾ ਹੋਇਆ ਅਜਿਹਾ ਕਰਦਿਆਂ ਨੂੰ ਕਿਸੇ ਸਿਆਣੇ ਨੇ ਆ ਕੇ ਸਲਾਹ ਦਿੱਤੀ ਬਈ ਕੀ ਕਰਦੇ ਹੋ ਤਸੀ ਅਰਦਾਸ ਕੀਤੀ ਹੈ, ਗੁਰੂ ਸਾਹਿਬ ਤੋਂ ਆਗਿਆ ਲਈ ਹੈ ਇਸਨੂੰ ਪੱਟਣ ਦੀ ਸਾਰਿਆ ਨੇ ਨਾਂਹ ਵਿਚ ਸਿਰ ਮਾਰਿਆ ਫਿਰ ਕੀ ਸੀ ਗਿਆਨੀ ਜੀ ਨੇ ਭੁੱਲ ਬਖਸ਼ਾਈ ਦੀ ਅਰਦਾਸ ਕੀਤੀ ਤੇ ਨਿਸ਼ਾਨ ਸਾਹਿਬ ਦੂਸਰੀ ਜਗ੍ਹਾ ਲੈ ਜਾਣ ਦੀ ਆਗਿਆ ਮੰਗੀ। ਅਰਦਾਸ ਦੀ ਕਲਾ ਵਰਤੀ ਜਿਉਂ ਹੀ ਕਰੇਨ ਨੇ ਦੁਬਾਰਾ ਚੁੱਕਿਆ ਤਾਂ ਨਿਸ਼ਾਨ ਸਾਹਿਬ ਦਾ ਪੋਲ ਇਉਂ ਬਾਹਰ ਨਿਕਲਿਆ ਜਿਵੇਂ ਜਮੀਨ ਵਿਚੋਂ ਮੂਲੀ ਖਿੱਚ ਲਈ ਦੀ ਹੈ ਸਭ ਇਹ ਕੌਤਕ ਦੇਖ ਕੇ ਹੈਰਾਨ ਹੋਏ। ਸੋ ਇਸ ਵਾਕਿਆਤ ਤੋਂ ਸਿੱਖਿਆ ਲੈਂਦੇ ਹੋਏ ਵਿਦੇਸ਼ਾ ਵਿਚ ਰਹਿੰਦੇ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਗੁਰੂ ਦੇ ਨਿਸ਼ਾਨ ਸਾਹਿਬ ਗੁਰੂਦੁਆਰਾ ਸਾਹਿਬ ਦੀ ਛੱਤਾਂ ਤੇ ਲਾਉਣ ਦੀ ਬਜਾਏ ਇਸਦੇ ਬਣਦੇ ਯੋਗ ਅਸਥਾਨ ਤੇ ਹੀ ਸ਼ੁਸ਼ੋਬਿਤ ਕਰਨੇ ਚਾਹੀਦੇ ਹਨ।

ਦਾਸ ਵਲੋਂ ਦਿੱਤੀ ਉਪਰ ਦਿੱਤੇ ਵਿਚਾਰ ਖ਼ਾਲਸਾ ਪੰਥ ਵਿਚ ਆ ਰਹੇ ਅਵੇਸਲੇਪਨ ਵੱਲ ਸੰਗਤਾਂ ਦਾ ਧਿਆਨ ਦੁਆਉਣ ਹਿੱਤ ਹੀ ਲਿਖੇ ਹਨ। ਅਗਰ ਲਿਖਦਿਆ ਪੰਥ ਦੀ ਸ਼ਾਨ ਦੇ ਖਿਲਾਫ਼ ਕੁਝ ਕਹਿ ਗਿਆ ਹੋਵਾਂ ਤਾਂ ਦਾਸ ਦੋਏ ਕਰ ਜੋੜ ਖਿਮਾ ਦਾ ਜਾਚਕ ਹੈ ਅਤੇ ਜੇਕਰ ਕਿਸੇ ਪਾਸ ਇਸ ਬਾਬਤ ਕੋਈ ਹੋਰ ਜਾਣਕਾਰੀ ਹੋਵੇ ਤਾਂ ਦਾਸ ਗਿਆਨ ਵਿਚ ਵਾਧੇ ਹਿੱਤ ਜਰੂਰ ਪੜਨੀ ਸੁਣਨੀ ਚਾਹੇਗਾ ਜੀ। ਭਾਈ ਸਾਹਿਬ ਰਣਧੀਰ ਸਿੰਘ ਜੀ ਵਲੋਂ ਖ਼ਾਲਸਈ ਨਿਸ਼ਾਨ ਦੀ ਮਹਿਮਾ ਨੂੰ ਪ੍ਰਗਟਾਉਂਦਾ ਹੱਥਲਾ ਲੇਖ ਜਰੂਰ ਪੜਨਾ ਚਾਹੀਦਾ ਹੈ ਜੀ।

ਸਾਹਿਬੇ ਕਮਾਲ ਨਿਰੰਕਾਰ ਗੁਰੂ ਸਾਹਿਬ ਨੇ, ਗੁਰੂ ਅਵਤਾਰੀ ਧੁਰ ਅਰਸ਼ਾਰੀ, ਧੁਰ ਦਰਬਾਰੀ ਗੁਰੂ ਸਾਹਿਬ ਨੇ ਧੁਰ-ਧੁੰਰਧਰੀ ਜੈ-ਬਿਜੈ-ਨਿਸ਼ਾਨੀ ਨਿਰੰਕਾਰੀ ਝੰਡਾ ਝੁਲਾਇਆ। ਖ਼ਾਲਸਾ ਪੰਥ ਦੀ ਅਬਚਲ ਨੀਂਹ ਕਾਇਮ ਦਾਇਮ ਰਖਣ ਲਈ ਨਾਮ ਖੜਗੇਸ਼ੀ ਤੇ ਬੀਰਤਾ ਮੁਕਤੇਸ਼ੀ ਦੋ ਧਾਰਾਂ ਵਾਲੇ ਖੰਡੇ ਦੇ ਨਾਲ ਚਕ੍ਰਵਰਤੀ ਰਾਜ ਦਾ ਠਹਿਰਾਨ ਠਹਿਰਾਇਆ, ਜਿਥੇ ਗੁਰੂ ਬਾਬੇ ਨਾਨਕ ਨੇ ਨਵਾਂ ਖੰਡਾਂ ਵਿਚ ਹਲੇਮੀ ਰਾਜ ਪੱਕਾ ਕਰਨ ਦਾ ਧੁਰਵਾ ਵੀ ਬੰਨ੍ਹਿਆ। ਇਸੇ ਕਰਕੇ ਹੀ ਖ਼ਾਲਸਈ ਅਕਾਲੀ ਝੰਡਾ ਨਵਖੰਡੀ ਫਹਿਰਕੇ ਵਾਲਾ ਝੰਡਾ ਹੈ। ਫਹਿਰਕੇ ਦੇ ਬਸੰਤੀ ਤੇ ਸੁਰਮਈ ਰੰਗ ਦੇ ਝੁਲਾਰੇ ਪ੍ਰਮਾਰਥੀ ਅਤੇ ਸੂਰਮਤਾਈ ਜੈ-ਬਿਜੈ ਦੇ ਸੰਬੋਧਕ ਹਨ। ਇਹ ਖ਼ਾਲਸਈ ਝੰਡਾ ਹੈ ਕਿ ਦੀਨ ਦੁਨੀ ਦੀ ਧੁਜਾ ਹੈ।

ਸ੍ਰੀ ਗੁਰੂ ਸਾਹਿਬ ਜੀ ਦਾ ਹੁਕਮ-ਨਿਸ਼ਾਨੀ ਹੋਣ ਕਰਕੇ ਇਸ ਝੰਡੇ ਦਾ ਨਾਮ ‘ਨਿਸ਼ਾਨ ਸਾਹਿਬ’ ਹੈ। ਸਾਹਿਬ ਗੁਰੂ ਅਕਲਿ ਦਾ ਜੋ ਨਿਸ਼ਾਨ, ਸੋ ਕਹੀਏ ਨਿਸ਼ਾਨ ਸਾਹਿਬ। ਇਸੇ ਨੇ ਹੀ ਜੁਗੋ ਜੁਗ ਅਟੱਲ ਰਹਿਣਾ ਹੈ ਅਤੇ ਅਟੱਲਤਾ ਸਹਿਤ ਸਾਰੇ ਜਹਾਨ ਤੇ ਝੂਲਣਾ ਹੈ। ਇਹ ਸਾਰੇ ਜਹਾਨ ਦਾ ਸਾਂਝਾ ਜੈ-ਬਿਜਈ ਝੰਡਾ ਨਿਸ਼ਾਨ ਸਾਹਿਬ ਹੈ। ਸ੍ਰੀ ਅਕਾਲ ਤਖ਼ਤ ਤੇ ਸ੍ਰੀ ਸੱਚਖੰਡੀ ਹਰਿਮੰਦਰ ਸਾਹਿਬ ਦੇ ਵਿਚਕਾਰ ਤੇ ਸਨਮੁਖ “ਗਡ ਥੰਮ੍ਹ ਅਹਲੈ” ਹੋਣ ਕਰਕੇ ਇਹ ਖ਼ਾਲਸਾ ਜੀ ਦੀ ਮੀਰੀ ਤੇ ਪੀਰੀ ਦਾ ਤੇ “ਦੀਨ ਦੁਨੀ ਦੀ ਸਾਹਿਬੀ” ਦਾ ਸੱਚਾ ਪਾਤਸ਼ਾਹੀ ਨਿਸ਼ਾਨ ਸਾਹਿਬ ਹੈ। ਇਸ ਖ਼ਾਲਸਈ ਨਿਸ਼ਾਨ ਸਾਹਿਬ ਦੇ ਸਿਰਮੌਰੀ ਖੰਡੇ ਦੀਆਂ ਦੋਈ ਧਾਰਾਂ, ਦੋ ਜਹਾਨਾਂ ਦੇ ਸਰ ਕਰਨ ਲਈ ਚੜ੍ਹਦੀ ਕਲਾ ਦੀਆਂ ਲਖਾਇਕ ਹਨ। ਇਸ ਨਿਸ਼ਾਨ ਸਾਹਿਬ ਦੇ ਸਾਇਆ ਤਲੇ(ਤਾਅਬੇ ਹੋ ਕੇ) ਘਟ-ਜੋਤਿ-ਜਗਾਰੀ ਤੇ ਜੂਝ-ਜੁਝਾਰੀ ਖ਼ਾਲਸਾ ਜੀ ਨੇ ਵਧਣਾ ਫੁਲਣਾ ਤੇ ਮੌਲਣਾ ਹੈ। ਖ਼ਾਲਸਾ ਜੀ ਦਾ ਜਾਹੋ-ਜਲਾਲ (ਤੇਜ ਪ੍ਰਤਾਪ) ਇਸੇ ਝੰਡੇ ਦੀ ਬਰਕਤ ਤੇ ਕਮਾਲ ਨਾਲ ਹੀ ਲਾਯਜ਼ਾਲ (ਸਦੈਵੀ) ਤੇ ਲਾਜ਼ਵਾਲ (ਅਸਥਿਰ) ਰਹਿਣਾ ਹੈ। ਕਦੇ ਜ਼ਵਾਲ ਆਉਣਾ ਹੀ ਨਹੀ। ਅਜਿਹੇ ਜ਼ੁਲ-ਜਲਾਲ ਅਕਾਲੀ ਝੰਡੇ ਦੇ ਤੁੱਲ ਮਾਨਵੀ ਕ੍ਰਿਤ ਦਾ ਹੋਰ ਕੋਈ ਝੰਡਾ ਨਹੀ ਹੋ ਸਕਦਾ।

ਜਿਸ ਤਰ੍ਹਾਂ ਸਤਿਨਾਮ ਦੇ ਮੁਕਾਬਲੇ ਤੇ ਸਭ ਕਿਰਤਮ ਨਾਮ ਤੁੱਛ ਹਨ ਇਸੇ ਤਰ੍ਹਾਂ ਅਕਾਲੀ ਝੰਡੇ ਦੇ ਸਾਹਮਣੇ ਹੋਰ ਸਭ ਝੰਡੇ ਮਾਤ ਹਨ। ਖੰਡਾ ਕੀ ਹੈ, ਨਾਮ ਰੂਪ ਹੈ। “ਨਾਮ ਕੇ ਧਾਰੇ ਖੰਡ ਬ੍ਰਹਮੰਡ”* ਤੇ “ਖੰਡਾ ਪ੍ਰਿਥਮੇ ਸਾਜਿ ਕੈ ਜਿਨਿ ਸਭ ਸੈਸਾਰ ਉਪਾਇਆ”** ਦਾ ਭਾਵ ਇਕ ਹੀ ਹੈ। ਇਹ ਨਿਸਚੇ ਕਰਕੇ ਜਾਣੋ ਕਿ ਅਕਾਲੀ ਝੰਡਾ ਸਭ ਤੋਂ ਸ਼੍ਰੇਸ਼ਟ ਤੇ ਦੀਨ ਦੁਨੀਆਂ ਦੀ ਧੁਜਾ ਹੈ। ਇਹ ਝੰਡਾ ਅਕਾਲੀ ਹੈ ਤੇ ਅਕਾਲ ਦੇ ਹੁਕਮ ਨਾਲ ਹੀ ਸਾਜਿਆ ਗਿਆ ਹੈ। ਬਾਕੀ ਸਭ ਝੰਡੇ ਮਨੁੱਖੀ ਕ੍ਰਿਤ ਦੇ ਹੋਣ ਕਰਕੇ ਤੁੱਛ ਹਨ।

Comments

Popular posts from this blog

ਗੁਰਬਾਣੀ ਵਿੱਚ ਪਹਿਲੇ ਪਹਿਰ, ਪ੍ਰਭਾਤ ਵੇਲੇ ਅਤੇ ਅੰਮ੍ਰਿਤ ਵੇਲੇ ਦਾ ਨਿਰਣੇ

The Roman Conclave confirms that Guru nanak went Rome and other Nations