ਗੁਰਮਤਿ ਅਨੁਸਾਰ ਸੁੱਚ, ਜੂਠ ਅਤੇ ਭਿੱਟ
ਸੁੱਚਮਾ ਅਤੇ ਅਜੋਕਾ ਸਿੱਖ ਜਗਤ- ਸਮਝਣ ਦੀ ਗੱਲ ਹੈ ਕਿ ਗੁਰੂਦਰ `ਤੇ ਜੂਠ-ਸੁੱਚ-ਭਿੱਟ-ਪ੍ਰਛਾਵੇਂ, ਚੌਂਕੇ ਕਾਰਾਂ ਆਦਿ ਨੂੰ ਕੋਈ ਥਾਂ ਨਹੀਂ। ਇਥੇ ਤਾਂ ਸਰੀਰ ਦਾ ਸਨਾਨ, ਸਰੀਰ ਦੇ ਨਿਖਾਰ ਤੇ ਅਰੋਗਤਾ ਦੀ ਹੱਦ ਤੱਕ ਹੀ ਹੈ ਕਿਸੇ ਵਹਿਮ-ਭਰਮ ਦੀ ਸੀਮਾਂ `ਚ ਨਹੀਂ। ਇਥੇ ਤਾਂ “ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥ ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ॥ ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ … “(ਪੰ: ੩੯੫) ਅਨੁਸਾਰ ਪਹਿਰ ਰਾਤ ਰਹਿੰਦੇ ਸਨਾਨ ਵਾਲਾ ਵਿਸ਼ਾ ਜੋ ਗੁਰਸਿੱਖ ਨੂੰ ਗੁਰਬਾਣੀ ਰਾਹੀਂ ਦ੍ਰਿੜ ਕਰਵਾਇਆ ਗਿਆ ਹੈ ਉਹ
ਸਰੀਰਕ ਅਰੋਗਤਾ ਤੇ ਮਨ ਦੇ ਟਿਕਾਅ ਪੱਖੋਂ ਹੈ, ਕਿਸੇ ਬ੍ਰਾਹਮਣੀ ਵਿਸ਼ਵਾਸਾਂ ਕਰਕੇ ਨਹੀਂ। ਇਸੇ ਤਰ੍ਹਾਂ ਧੋਤੇ ਹੋਏ ਸਾਫ਼ ਸੁਥਰੇ ਕਪੜੇ ਪਾਉਣੇ, ਸੁਅੱਛਤਾ ਤੇ ਖੁੱਲ੍ਹੀ ਹਵਾ ਵਾਲਾ ਵਾਤਾਵਰਣ, ਇਹ ਸਭ ਚੰਗੀ ਸੇਹਤ, ਅਰੋਗਤਾ ਤੇ ਸਰੀਰ ਦੇ ਨਿਖਾਰ ਲਈ ਹੀ ਹਨ। ਗੁਰੂ ਦਰ `ਤੇ ਇਹ ਕੇਵਲ ਉਸ ਸੀਮਾਂ ਤੱਕ ਹਨ ਕਿ ਸਰੀਰ `ਚ ਨਿਖਾਰ ਰਵੇ, ਬਿਮਾਰੀਆਂ ਦੇ ਹਮਲੇ ਨਾ ਹੋਣ, ਇਨਸਾਨ ਸੁੱਅਸਤ ਤੇ ਚੁਸਤ ਰਵੇ ਤਾਕਿ ਬਾਣੀ ਅਭਿਆਸ ਜਾਂ ਵਿਚਾਰ-ਸੋਝੀ ਦੌਰਾਨ, ਮਨੁੱਖ ਉਸ ਦਾ ਪੂਰਾ ਲਾਹਾ ਤੇ ਰਸ ਲੈ ਸਕੇ।
ਇਹ ਸਭ ਸਾਡੇ ਸਰੀਰ ਦੀ ਉਹ ਮੁੱਢਲੀ ਲੋੜ ਹੈ, ਜਿੱਥੇ ਕਿ ਗੁਰਬਾਣੀ ਰਚਨਾ ਤੇ ਸੇਧ ਦੇ ਸੈਂਕੜੇ ਵਰ੍ਹਿਆਂ ਬਾਅਦ, ਅੱਜ ਮੈਡੀਕਲ ਸਾਇੰਸ ਪੁਜੀ ਹੈ। ਇਸੇ ਦਾ ਨਤੀਜਾ ਹਨ ਅੱਜ ਕਿਟਾਣੂ-ਨਾਸ਼ਕ ਸਾਬਨ-ਲੋਸ਼ਨ ਆਦਿ। ਬਲਕਿ ਆਲਸੀ ਜੀਵਨ ਤੋਂ ਸੁਚੇਤ ਰਹਿਣ ਲਈ ਤਾਂ ਗੁਰਸਿੱਖ ਨੂੰ ਗੁਰਬਾਣੀ ਰਾਹੀਂ ਇਥੋਂ ਤੱਕ ਚੇਤਾਵਣੀ ਹੈ “ਮਨਮੁਖ ਕਉ ਆਲਸੁ ਘਣੋ, ਫਾਥੇ ਓਜਾੜੀ” (ਪੰ: ੧੦੧੧) ਕਿਉਂਕਿ ਮਨੁੱਖ ਦੀ ਫ਼ਿਤਰਤ `ਚ ਤਾਂ ਹੈ ਹੀ ਆਲਸ ਜਿਵੇਂ “ਚੰਗਿਆਈਂ ਆਲਕੁ ਕਰੇ, ਬੁਰਿਆਈਂ ਹੋਇ ਸੇਰੁ॥ ਨਾਨਕ ਅਜੁ ਕਲਿ ਆਵਸੀ, ਗਾਫਲ ਫਾਹੀ ਪੇਰੁ” (ਪੰ: ੫੧੮) ਇਸੇ ਲਈ ਗੁਰਸਿੱਖ ਦੇ ਜੀਵਨ `ਤੇ ਤਾਂ ਉਦਮੁ ਕਰੇ ਭਲਕੇ ਪਰਭਾਤੀ ਵਾਲਾ ਵਿਸ਼ਾ ਹੀ ਲਾਗੂ ਹੁੰਦਾ ਹੈ। ਜਦਕਿ ਇਥੇ ਇਹ ਭਰਮ ਵੀ ਨਹੀਂ ਕਿ ਕੋਈ ਬਿਸਤਰੇ `ਤੇ ਪਿਆ ਹੈ, ਫ਼ਿਰ ਵੀ ਨਿੱਤਨੇਮ ਤੇ ਬਾਣੀ ਅਭਿਆਸ ਲਈ ਉਸ ਨੇ ਸਨਾਨ ਵੀ ਜ਼ਰੂਰ ਹੀ ਕਰਣਾ ਹੈ।
ਇਸ ਤਰ੍ਹਾਂ ਇਸ ਵਿਸ਼ੇ `ਤੇ ਗੁਰਮੱਤ ਦਾ ਨਿਰਣਾ ਕੀ ਹੈ ਸਾਨੂੰ ਗੁਰਬਾਣੀ ਵਿੱਚੋਂ ਹੀ ਦਿਆਨਤਦਾਰੀ ਨਾਲ ਸਮਝਣ ਦੀ ਲੋੜ ਹੈ ਬਾਹਰੋਂ ਇਧਰੋਂ ਉਧਰੋਂ ਝਾਕਣ ਦੀ ਨਹੀਂ। ਦਰਅਸਲ ਇਥੇ ਤਾਂ ਸੁਆਲ ਹੀ ਮਨ `ਤੇ ਚੜ੍ਹੀ ਹੋਈ ਅਉਗਣਾਂ-ਵਿਕਾਰਾਂ ਵਾਲੀ ਮੈਲ ਦਾ ਹੈ ਅਤੇ ਇਸ ਦੇ ਲਈ ਗੁਰਬਾਣੀ ਫ਼ੁਰਮਾਨ ਵੀ ਸਾਫ਼ ਤੇ ਸਪਸ਼ਟ ਹਨ। ਹੋਰ ਲਵੋ “ਮਨਿ ਮੈਲੈ ਸੂਚਾ ਕਿਉ ਹੋਇ॥ ਸਾਚਿ ਮਿਲੈ ਪਾਵੈ ਪਤਿ ਸੋਇ” (ਪੰ: ੬੮੬) ਜਾਂ “ਅੰਤਰਿ ਜੂਠਾ ਕਿਉ ਸੁਚਿ ਹੋਇ॥ ਸਬਦੀ ਧੋਵੈ ਵਿਰਲਾ ਕੋਇ” (ਪੰ: ੧੩੪੪)। ਬਲਕਿ ਗੁਰਬਾਣੀ ਦਾ ਤਾਂ ਨਿਰਣਾ ਹੈ ਕਿ ਬਾਹਰ ਦੇ ਲੱਖਾਂ ਇਸ਼ਨਾਨ ਤੇ ਸੁੱਚਮਾ ਵੀ ਮਨੁੱਖ ਦੇ ਮਨ ਨੂੰ ਪਵਿੱਤ੍ਰ ਨਹੀਂ ਕਰ ਸਕਦੀਆਂ, ਜਿਵੇਂ ਬਾਣੀ ਜਪੁ ਦੇ ਅਰੰਭ `ਚ ਹੀ ਗੁਰਦੇਵ ਦ੍ਰਿੜ ਕਰਵਾ ਰਹੇ ਹਨ ਕਿ “ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ” ਅਤੇ ਬਾਣੀ ਸੁਖਮਨੀ ਸਾਹਿਬ `ਚ ਵੀ ਗੁਰਦੇਵ ਸਾਨੂੰ ਰੋਜ਼ ਤਾੜਣਾ ਕਰਦੇ ਹਨ “ਸੋਚ ਕਰੈ ਦਿਨਸੁ ਅਰੁ ਰਾਤਿ॥ ਮਨ ਕੀ ਮੈਲੁ ਨ ਤਨ ਤੇ ਜਾਤਿ” (ਪੰ: ੨੬੫) ਭਾਵ ਐ ਇਨਸਾਨ! ਤੂੰ ਚਾਹੇ ਦਿਨ-ਰਾਤ ਸੁਚੱਮਾਂ-ਇਸ਼ਨਾਨਾ `ਚ ਲੱਗਾ ਰਹੁ ਇਸ ਨਾਲ ਵੀ ਤੇਰੇ ਮਨ ਦੀ ਮੈਲ ਕਾਰਨ ਜੀਵਨ `ਚ ਪੈਦਾ ਹੋ ਰਹੇ ਅਉਗਣ ਨਹੀਂ ਘਟ ਸਕਦੇ। ਇਥੋਂ ਤੱਕ ਫ਼ੁਰਮਾਨ ਹੈ ਕਿ “ਭਰੀਐ ਹਥੁ ਪੈਰੁ ਤਨੁ ਦੇਹ॥ ਪਾਣੀ ਧੋਤੈ ਉਤਰਸੁ ਖੇਹ॥ ਮੂਤ ਪਲੀਤੀ ਕਪੜੁ ਹੋਇ॥ ਦੇ ਸਾਬੂਣੁ ਲਈਐ ਓਹੁ ਧੋਇ॥ ਭਰੀਐ ਮਤਿ ਪਾਪਾ ਕੈ ਸੰਗਿ॥ ਓਹੁ ਧੋਪੈ ਨਾਵੈ ਕੈ ਰੰਗਿ” (ਜਪੁ ਪਉ: ੨੦)।
ਇਸ ਲਈ ਪੁਰਾਤਨ ਕਾਲ ਤੋਂ ਜਿਸ ਨੂੰ ਸੁੱਚ, ਜੂਠ ਤੇ ਭਿੱਟ-ਪ੍ਰਛਾਵੇਂ ਕਰਕੇ ਪ੍ਰਚਾਰਿਆ ਜਾ ਰਿਹਾ ਹੈ ਗੁਰਬਾਣੀ ਅਨੁਸਾਰ ਉਸ ਨੂੰ ਸਮਾਜ ਦਾ ਕੋੜ੍ਹ ਤੇ ਭਰਵੀਂ ਅਗਿਆਨਤਾ ਕਹਿਕੇ ਚੇਤਾਇਆ ਹੈ। ਬਲਕਿ ਕਬੀਰ ਸਾਹਿਬ ਇਥੋਂ ਤੋੱਕ ਫ਼ੁਰਮਾਉਂਦੇ ਹਨ ਕਿ ਐ ਮਨੁੱਖ ਤੇਰੇ ਪਾਏ ਹੋਏ ਵਹਿਮਾ-ਭਰਮਾਂ `ਚ ਜਾਇਆ ਜਾਵੇ ਤਾਂ ਸੰਸਾਰ `ਚ ਕੁੱਝ ਸੁੱਚਾ ਹੈ ਹੀ ਨਹੀਂ ਜਿਵੇਂ “ਮਾਤਾ ਜੂਠੀ ਪਿਤਾ ਭੀ ਜੂਠਾ ਜੂਠੇ ਹੀ ਫਲ ਲਾਗੇ॥ ਆਵਹਿ ਜੂਠੇ ਜਾਹਿ ਭੀ ਜੂਠੇ ਜੂਠੇ ਮਰਹਿ ਅਭਾਗੇ॥ ੧ ॥ ਕਹੁ ਪੰਡਿਤ ਸੂਚਾ ਕਵਨੁ ਠਾਉ॥ ਜਹਾਂ ਬੈਸਿ ਹਉ ਭੋਜਨੁ ਖਾਉ॥ ੧ ॥ ਰਹਾਉ॥ ਜਿਹਬਾ ਜੂਠੀ ਬੋਲਤ ਜੂਠਾ ਕਰਨ ਨੇਤ੍ਰ ਸਭਿ ਜੂਠੇ॥ ਇੰਦ੍ਰੀ ਕੀ ਜੂਠਿ ਉਤਰਸਿ ਨਾਹੀ ਬ੍ਰਹਮ ਅਗਨਿ ਕੇ ਲੂਠੇ॥ ੨ ॥ ਅਗਨਿ ਭੀ ਜੂਠੀ ਪਾਨੀ ਜੂਠਾ ਜੂਠੀ ਬੈਸਿ ਪਕਾਇਆ॥ ਜੂਠੀ ਕਰਛੀ ਪਰੋਸਨ ਲਾਗਾ ਜੂਠੇ ਹੀ ਬੈਠਿ ਖਾਇਆ॥ ੩ ॥ ਗੋਬਰੁ ਜੂਠਾ ਚਉਕਾ ਜੂਠਾ ਜੂਠੀ ਦੀਨੀ ਕਾਰਾ” ਅਤੇ ਅੰਤ `ਚ ਫ਼ੈਸਲਾ ਦਿੰਦੇ ਹਨ “ਕਹਿ ਕਬੀਰ ਤੇਈ ਨਰ ਸੂਚੇ ਸਾਚੀ ਪਰੀ ਬਿਚਾਰਾ” (ਪੰ: ੧੧੯੫)
ਇਹੀ ਨਹੀਂ “ਪਹਿਲਾ ਸੁਚਾ ਆਪਿ ਹੋਇ. .” ਵਾਲੇ ਸਲੋਕ ਰਾਹੀਂ ਵੀ ਗੁਰਦੇਵ ਮਨੁੱਖ ਦੀ ਇਸੇ ਅਗਿਆਨਤਾ ਨੂੰ ਸਾਹਮਣੇ ਲਿਆ ਰਹੇ ਹਨ। ਪੁਛਦੇ ਹਨ ਐ ਪੰਡਿਤ! ਚੋਂਕੇ-ਕਾਰਾਂ, ਮੰਤ੍ਰਾਂ-ਸਲੋਕਾਂ ਦੇ ਉਚਾਰਨ ਤੇ ਇਤਨੀਆਂ ਸੁੱਚਾ ਦੇ ਆਡੰਬਰ ਕਰਕੇ ਵੀ ਆਖਿਰ ਤੂੰ ਭੋਜਨ ਨੂੰ ਪਾਇਆ ਤਾਂ ਉਸੇ ਹੀ ਪੇਟ `ਚ ਹੈ ਜਿਥੇ ਹਰ ਸਮੇਂ ਮਲ-ਮੂਤ ਵਿਸ਼ਟਾ ਰਹਿੰਦੀ ਹੈ ਤੇ ਚਬਾਇਆ ਵੀ ਥੁੱਕਾਂ ਦੀ ਮਦਦ ਨਾਲ ਹੀ। ਫ਼ਿਰ ਕਿਥੇ ਗਈ ਉਹ ਤੇਰੀ ਸਾਰੀ ਦੀ ਸਾਰੀ ਸੁੱਚ-ਭਿੱਟ। ਦਰਅਸਲ ਭੋਜਨ ਛਕਣ ਦਾ ਤਾਂ ਨਿਯਮ ਹੀ ਇਹੀ ਹੈ ਜੋ ਕਰਤਾਰ ਨੇ ਘੜਿਆ ਹੈ ਅਤੇ ਇਸੇ ਉਪਰ ਸਾਡਾ ਸਰੀਰ ਚੱਲ ਰਿਹਾ ਹੈ। ਇਸ ਲਈ ਤੂੰ ਧਰਮੀ ਨਹੀਂ ਬਲਕਿ “ਪਾਪੀ ਸਿਉ ਤਨੁ ਗਡਿਆ…” (ਪੰ: ੪੭੩) ਅਨੁਸਾਰ ਤੂੰ ਤਾਂ ਵੱਡਾ ਪਾਪੀ ਹੈ ਜੋ ਦਾਤਾਰ ਦੀਆਂ ਦੀਆਂ ਦਾਤਾਂ ਦਾ ਸ਼ੁਕਰਾਣਾ ਕਰਣ ਦੀ ਬਜਾਏ ਤੂੰ ਉਸ ਦੀਆਂ ਦਾਤਾਂ ਦੀ ਹੀ ਟੇਕ ਲੈ ਕੇ ਲੋਕਾਈ ਨੂੰ ਗੁਮਰਾਹ ਕਰ ਰਿਹਾਂ ਹੈਂ।
ਇਸ ਵਿਸ਼ੇ `ਤੇ ਤਾਂ ਇਥੋਂ ਤੱਕ ਵੀ ਫ਼ੁਰਮਾਨ ਹਨ ਜਿਵੇਂ “ਦੇ ਕੈ ਚਉਕਾ ਕਢੀ ਕਾਰ॥ ਉਪਰਿ ਆਇ ਬੈਠੇ ਕੂੜਿਆਰ॥ ਮਤੁ ਭਿਟੈ ਵੇ ਮਤੁ ਭਿਟੈ॥ ਇਹੁ ਅੰਨੁ ਅਸਾਡਾ ਫਿਟੈ॥ ਤਨਿ ਫਿਟੈ ਫੇੜ ਕਰੇਨਿ॥ ਮਨਿ ਜੂਠੈ ਚੁਲੀ ਭਰੇਨਿ” ਭਾਵ ਬਾਹਰੋਂ ਤਾਂ ਸਾਰੀਆਂ ਚੌਂਕੇ ਕਾਰਾਂ ਹੋ ਰਹੀਆਂ ਹੁੰਦੀਆਂ ਹਨ, ਮੂਹੋਂ ਚੁਲੀਆਂ ਕਰ ਕਰ ਕੇ ਸੁੱਚਮਾਂ ਦੇ ਖੇਖਣ ਵੀ ਕੀਤੇ ਜਾਂਦੇ ਹਨ ਪਰ ਮਨ ਅੰਦਰ ਮਨੁੱਖ-ਮਨੁੱਖ ਲਈ ਇਨਾਂ ਵੱਧ ਭੇਦਭਾਵ, ਵਿਤਕਰਾ ਤੇ ਨਫ਼ਰਤ ਭਰੀ ਹੁੰਦੀ ਹੈ ਕਿ ਜੇ ਕਿਧਰੇ ਦੂਜੇ ਦਾ ਹੱਥ ਵੀ ਲੱਗ ਗਿਆ ਤਾਂ ਸਭ ਕੁੱਝ ਭਿਟਿਆ ਜਾਂਦਾ ਹੈ। ਇਸ ਤੇ ਫ਼ੈਸਲਾ ਹੈ “ਕਹੁ ਨਾਨਕ ਸਚੁ ਧਿਆਈਐ॥ ਸੁਚਿ ਹੋਵੈ ਤਾਂ, ਸਚੁ ਪਾਈਐ” (ਪੰ: ੪੭੨) ਭਾਵ ਐ ਮਨੁੱਖ! ਜੇਕਰ ਤੂੰ ਇਸ ਜੀਵਨ `ਚ ਕਰਤੇ ਨੂੰ ਪਾ ਲਿਆ ਤਾਂ ਤੇਰੀਆਂ ਇਹ ਸਾਰੀਆਂ ਸੁੱਚਾਂ ਵਿੱਚੇ ਹੀ ਆ ਜਾਣਗੀਆਂ ਉਂਝ ਅਜਿਹੀਆਂ ਸੁੱਚਮਾਂ ਦੀ ਤੈਨੂੰ ਲੋੜ ਹੀ ਨਹੀਂ ਰਹੇਗੀ। ਇਸੇ ਤਰ੍ਹਾਂ ਇੱਕ ਦੋ ਨਹੀਂ ਬਲਕਿ ਜੀਵਨ ਦੇ ਇਸ ਸੱਚ ਨੂੰ ਪ੍ਰਗਟ ਕਰਣ ਲਈ ਗੁਰਬਾਣੀ ਵਿੱਚੋਂ ਬੇਅੰਤ ਪ੍ਰਮਾਣ ਦਿੱਤੇ ਜਾ ਸਕਦੇ ਹਨ ਜਿਵੇਂ “ਮਨਿ ਮੈਲੈ ਸੂਚਾ ਕਿਉ ਹੋਇ॥ ਸਾਚਿ ਮਿਲੈ ਪਾਵੈ ਪਤਿ ਸੋਇ” (ਪੰ: ੬੮੬) ਅਤੇ “ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ॥ ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ” (ਪੰ: ੪੭੨)
Comments